ਨਵੀਂ ਦਿੱਲੀ: ਮਹਾਰਾਸ਼ਟਰ 'ਚ ਅਗਲੀ ਸਰਕਾਰ ਨੂੰ ਲੈ ਕੇ ਸਸਪੈਂਸ ਦੇ ਚੱਲਦਿਆਂ ਲਗਾਤਾਰ ਬੈਠਕਾਂ ਹੋ ਰਹੀਆਂ ਹਨ। ਅੱਜ ਐਨਸੀਪੀ ਮੁਖੀ ਸ਼ਰਦ ਪਵਾਰ ਨੇ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਤੋਂ ਤੁਰੰਤ ਬਾਅਦ, ਸੀਨੀਅਰ ਕਾਂਗਰਸੀ ਨੇਤਾਵਾਂ ਕੇ ਸੀ ਵੇਣੂਗੋਪਾਲ, ਮੱਲੀਕਾਰਜੁਨ ਖੜਗੇ ਨੇ ਮਹਾਰਾਸ਼ਟਰ ਕਾਂਗਰਸ ਦੇ ਨੇਤਾਵਾਂ ਬਾਲਾ ਸਾਹਬ ਥੋਰਾਟ, ਪ੍ਰਿਥਵੀ ਰਾਜ ਚੌਹਾਨ ਤੇ ਨਸੀਮ ਖਾਨ ਨਾਲ ਮੁਲਾਕਾਤ ਕੀਤੀ। ਹੁਣ ਮਹਾਰਾਸ਼ਟਰ ਕਾਂਗਰਸ ਦੇ ਨੇਤਾ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਨੇਤਾਵਾਂ ਨੂੰ ਮਿਲਣਗੇ।


ਪ੍ਰਧਾਨ ਮੰਤਰੀ ਮੋਦੀ ਦੀ ਸ਼ਰਦ ਪਵਾਰ ਨਾਲ ਮੁਲਾਕਾਤ ਤੋਂ ਬਾਅਦ ਕਾਫ਼ੀ ਅਟਕਲਾਂ ਚੱਲ ਰਹੀਆਂ ਹਨ। ਇਸ ਸਭ ਦੇ ਵਿਚਕਾਰ, ਕਾਂਗਰਸ ਦੇ ਸੂਤਰਾਂ ਨੇ ਅੱਜ ਦਾਅਵਾ ਕੀਤਾ ਕਿ ਮਹਾਰਾਸ਼ਟਰ ਵਿੱਚ ਸ਼ਿਵ ਸੈਨਾ, ਐਨਸੀਪੀ ਤੇ ਕਾਂਗਰਸ ਦੀ ਗੈਰ-ਬੀਜੇਪੀ ਸਰਕਾਰ ਦਸੰਬਰ ਦੇ ਪਹਿਲੇ ਹਫਤੇ ਵਿੱਚ ਬਣ ਜਾਵੇਗੀ। ਕੁਝ ਕਾਂਗਰਸ ਸੂਤਰਾਂ ਨੇ ਦਾਅਵਾ ਕੀਤਾ ਕਿ ਇਸ ਲਈ ਤਿੰਨ ਧਿਰਾਂ ਵਿਚਾਲੇ ਸਹਿਮਤੀ ਬਣ ਗਈ ਹੈ।


ਹਾਲਾਂਕਿ, ਗੈਰ-ਬੀਜੇਪੀ ਸਰਕਾਰ ਬਣਾਉਣ ਦਾ ਦਾਅਵਾ ਕਰਨ ਦੇ ਬਾਵਜੂਦ, ਕਾਂਗਰਸ ਦੇ ਕੁਝ ਸੂਤਰਾਂ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਜੇ ਸ਼ਿਵ ਸੈਨਾ ਕਿਸੇ ਕਿਸਮ ਦਾ ਫਿਰਕੂ ਏਜੰਡਾ ਚਲਾਉਂਦੀ ਹੈ, ਤਾਂ ਕਾਂਗਰਸ ਉਸ ਸਰਕਾਰ ਤੋਂ ਤੁਰੰਤ ਬਾਹਰ ਆ ਜਾਵੇਗੀ। ਸੂਤਰਾਂ ਨੇ ਦਾਅਵਾ ਕੀਤਾ ਕਿ ਦਸੰਬਰ ਦੇ ਪਹਿਲੇ ਹਫ਼ਤੇ ਤਕ, ਸਰਕਾਰ ਬਣਨ ਬਾਰੇ ਸਹਿਮਤੀ ਹੋ ਗਈ ਹੈ ਤੇ ਇਸ ਲਈ ਕਾਂਗਰਸ ਤੇ ਸ਼ਿਵ ਸੈਨਾ ਵਿਚਾਲੇ ਕਾਮਨ ਮਿਨੀਮਮ ਪ੍ਰੋਗਰਾਮ ਲਈ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ।


ਦੱਸ ਦਈਏ ਸ਼ਰਦ ਪਵਾਰ ਸੋਮਵਾਰ ਨੂੰ ਸੋਨੀਆ ਗਾਂਧੀ ਨਾਲ ਨਵੀਂ ਦਿੱਲੀ ਵਿੱਚ ਮਹਾਰਾਸ਼ਟਰ ਦੀ ਰਾਜਨੀਤਿਕ ਸਥਿਤੀ ਬਾਰੇ ਵਿਚਾਰ ਵਟਾਂਦਰੇ ਲਈ ਮਿਲੇ ਸਨ। ਪਰ ਮੁਲਾਕਾਤ ਤੋਂ ਬਾਅਦ ਸ਼ਰਦ ਪਵਾਰ ਨੇ ਦਾਅਵਾ ਕੀਤਾ ਕਿ ਸੋਨੀਆ ਗਾਂਧੀ ਨਾਲ ਸਰਕਾਰ ਬਣਨ ਬਾਰੇ ਕੋਈ ਗੱਲਬਾਤ ਨਹੀਂ ਹੋਈ।