ਨਵੀਂ ਦਿੱਲੀ: ਲੋਕ ਸਭਾ ਵਿੱਚ ਅੱਜ ਕਾਂਗਰਸ ਪਾਰਟੀ ਅਤੇ ਹੋਰ ਵਿਰੋਧੀ ਪਾਰਟੀਆਂ ਨੇ ਗਾਂਧੀ ਪਰਿਵਾਰ ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਐਸਪੀਜੀ ਸੁਰੱਖਿਆ ਵਾਪਸ ਲੈਣ ਦੇ ਮੁੱਦੇ ‘ਤੇ ਜ਼ੋਰਦਾਰ ਵਿਰੋਧ ਕੀਤਾ। ਜਿਵੇਂ ਹੀ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਈ, ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਨੇ ਇਹ ਮੁੱਦਾ ਚੁੱਕਿਆ। ਹਾਲਾਂਕਿ, ਲੋਕ ਸਭਾ ਦੇ ਸਪੀਕਰ ਨੇ ਉਨ੍ਹਾਂ ਨੂੰ ਬੋਲਣ ਨਹੀਂ ਦਿੱਤਾ।


ਇਸ ਤੋਂ ਬਾਅਦ, ਕਾਂਗਰਸੀ ਆਗੂ ਲੋਕ ਸਭਾ ਸਪੀਕਰ ਦੀ ਸੀਟ ਨੇੜੇ ਪਹੁੰਚੇ ਅਤੇ ਨਾਅਰੇਬਾਜ਼ੀ ਕਰਨ ਲੱਗੇ। ਇਸ ਸਮੇਂ ਦੌਰਾਨ, ਸੁਰੱਖਿਆ ਦੇ ਨਾਂ 'ਤੇ ਰਾਜਨੀਤੀ ਬੰਦ ਕਰੋ, ਤਾਨਾਸ਼ਾਹੀ ਨੂੰ ਰੋਕੋ, ਪ੍ਰਧਾਨ ਮੰਤਰੀ ਜਵਾਬ ਦਿਓ, ਅਸੀਂ ਇਨਸਾਫ ਚਾਹੁੰਦੇ ਹਾਂ ਵਰਗੀ ਨਾਅਰੇਬਾਜ਼ੀ ਕੀਤੀ ਗਈ। ਨੈਸ਼ਨਲ ਕਾਨਫਰੰਸ ਦੇ ਮੈਂਬਰਾਂ ਤੇ ਦ੍ਰਵਿਡਾ ਮੁਨੇਤਰਾ ਕੜਗਮ (ਡੀਐਮਕੇ) ਨੇ ਵੀ ਕਾਂਗਰਸ ਦੇ ਨਾਲ-ਨਾਲ ਨਾਅਰੇਬਾਜ਼ੀ ਕੀਤੀ।


ਇਸ ਤੋਂ ਪਹਿਲਾਂ, ਅਧੀਰ ਰੰਜਨ ਚੌਧਰੀ ਨੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਤੇ ਗਾਂਧੀ ਪਰਿਵਾਰ ਦੀ ਐਸਪੀਜੀ ਸੁਰੱਖਿਆ ਨੂੰ ਹਟਾਉਣ ਦੇ ਕਦਮ ਉੱਤੇ ਲੋਕ ਸਭਾ ਵਿੱਚ ਸਟੇਅ ਨੋਟਿਸ ਦਿੱਤਾ ਸੀ। ਜਦੋਂ ਕਾਂਗਰਸ ਦੇ ਸੰਸਦ ਮੈਂਬਰ ਲੋਕ ਸਭਾ ਵਿੱਚ ਨਾਅਰੇਬਾਜ਼ੀ ਕਰ ਰਹੇ ਸਨ ਤਾਂ ਸਪੀਕਰ ਓਮ ਬਿਰਲਾ ਨੇ ਸਦਨ ਦੀ ਕਾਰਵਾਈ ਜਾਰੀ ਰੱਖੀ।


ਦੱਸ ਦੇਈਏ ਕਿ ਗਾਂਧੀ ਪਰਿਵਾਰ ਨੂੰ ਦਿੱਤੀ ਗਈ ਐਸਪੀਜੀ ਸੁਰੱਖਿਆ ਇਸ ਮਹੀਨੇ ਗ੍ਰਹਿ ਮੰਤਰਾਲੇ ਨੇ ਵਾਪਸ ਲੈ ਲਈ ਹੈ। ਇਸ ਤੋਂ ਬਾਅਦ ਉਸ ਨੂੰ ਕੇਂਦਰੀ ਰਿਜ਼ਰਵ ਸੁਰੱਖਿਆ ਬਲ ਦੀ ਜ਼ੈੱਡ ਪਲੱਸ ਸੁਰੱਖਿਆ ਦਿੱਤੀ ਗਈ ਹੈ। ਗ੍ਰਹਿ ਮੰਤਰਾਲੇ ਦੇ ਇਸ ਐਲਾਨ ਦੇ ਬਾਅਦ, ਐਸਪੀਜੀ ਸੁਰੱਖਿਆ ਨੂੰ ਨਵੀਂ ਦਿੱਲੀ ਵਿੱਚ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਦੇ ਘਰੋਂ ਹਟਾ ਦਿੱਤਾ ਗਿਆ।