Bharat Jodo Yatra: ਕੇਂਦਰੀ ਜਾਂਚ ਏਜੰਸੀ (NIA) ਅਤੇ ED ਨੇ ਪਾਪੂਲਰ ਫਰੰਟ ਆਫ ਇੰਡੀਆ (PFI) ਖ਼ਿਲਾਫ਼ ਸਭ ਤੋਂ ਵੱਡੀ ਛਾਪੇਮਾਰੀ ਕੀਤੀ। ਇਸ ਛਾਪੇਮਾਰੀ ਤੋਂ ਬਾਅਦ ਅੱਜ ਕੇਰਲ ਅਤੇ ਤਾਮਿਲਨਾਡੂ ਸਮੇਤ ਕਈ ਥਾਵਾਂ 'ਤੇ ਹਿੰਸਕ ਪ੍ਰਦਰਸ਼ਨ ਦੇਖਣ ਨੂੰ ਮਿਲੇ ਹਨ। ਇਸ ਦੌਰਾਨ ਕਾਂਗਰਸ ਨੇ ਦੱਸਿਆ ਹੈ ਕਿ ਅੱਜ ਭਾਰਤ ਜੋੜੋ ਯਾਤਰਾ ਨੂੰ ਆਰਾਮ ਦਿੱਤਾ ਗਿਆ ਹੈ ਅਤੇ ਕੱਲ੍ਹ ਤ੍ਰਿਸ਼ੂਰ ਤੋਂ ਯਾਤਰਾ ਸ਼ੁਰੂ ਹੋਵੇਗੀ। ਇਸ ਨੂੰ ਲੈ ਕੇ ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਕਾਂਗਰਸ 'ਤੇ ਵੱਡਾ ਇਲਜ਼ਾਮ ਲਗਾਇਆ ਹੈ। ਮਿਸ਼ਰਾ ਨੇ ਕਿਹਾ ਹੈ ਕਿ ਪੀਐੱਫਆਈ ਦੇ ਬੰਦ ਕਾਰਨ ਕਾਂਗਰਸ ਨੇ ਉਨ੍ਹਾਂ ਦੀ ਯਾਤਰਾ 'ਤੇ ਪਾਬੰਦੀ ਲਗਾਈ ਹੈ।
ਕਾਂਗਰਸ ਦੀ ਪੈਦਲ ਯਾਤਰਾ ਰੋਕਣ 'ਤੇ ਸਵਾਲ
ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿਣ ਵਾਲੇ ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਟਵੀਟ ਕੀਤਾ, "ਪੀਐੱਫਆਈ ਅਤੇ ਇਸਲਾਮਿਕ ਜੇਹਾਦੀ ਸੰਗਠਨਾਂ ਨੇ ਅੱਜ ਹੜਤਾਲ ਦਾ ਸੱਦਾ ਦਿੱਤਾ ਅਤੇ ਕਾਂਗਰਸ ਨੇ ਅੱਜ ਆਪਣੀ ਪੈਦਲ ਯਾਤਰਾ ਰੋਕ ਦਿੱਤੀ। ਇਸ ਤੋਂ ਘਟੀਆ ਅਤੇ ਸ਼ਰਮਨਾਕ ਹੋਰ ਕੋਈ ਗੱਲ ਨਹੀਂ ਹੋ ਸਕਦੀ।"
ਕਿਉਂ ਰੋਕੀ ਗਈ ਭਾਰਤ ਜੋੜੋ ਯਾਤਰਾ?
ਰਾਹੁਲ ਗਾਂਧੀ ਦੀ ਅਗਵਾਈ 'ਚ ਕਾਂਗਰਸ ਦੇਸ਼ ਭਰ 'ਚ ਭਾਰਤ ਜੋੜੋ ਯਾਤਰਾ ਕੱਢ ਰਹੀ ਹੈ, ਜਿਸ ਦੀ ਸ਼ੁਰੂਆਤ ਕੇਰਲ ਤੋਂ ਹੋਈ ਹੈ। ਕੇਰਲ 'ਚ ਇਹ ਯਾਤਰਾ 15 ਦਿਨਾਂ ਤੋਂ ਚੱਲ ਰਹੀ ਹੈ ਪਰ ਅੱਜ ਯਾਤਰਾ ਨੂੰ ਆਰਾਮ ਦਿੱਤਾ ਗਿਆ ਹੈ। ਇਸ ਦਾ ਕਾਰਨ ਵੀ ਕਾਂਗਰਸ ਨੇ ਦੱਸਿਆ ਹੈ। ਕਾਂਗਰਸ ਨੇ ਟਵਿੱਟਰ 'ਤੇ ਲਿਖਿਆ ਹੈ ਕਿ, ਅੱਜ ਅਸੀਂ ਆਰਾਮ ਕਰਦੇ ਹਾਂ ਅਤੇ ਭਾਰਤ ਨੂੰ ਨਫ਼ਰਤ ਅਤੇ ਲੋਕਤੰਤਰ ਦੇ ਅੰਤ ਤੋਂ ਬਚਾਉਣ ਦੇ ਆਪਣੇ ਸੰਕਲਪ ਨੂੰ ਮਜ਼ਬੂਤ ਕਰਦੇ ਹਾਂ। ਅਸੀਂ ਕੱਲ੍ਹ ਵਾਪਸ ਆਵਾਂਗੇ ਅਤੇ ਆਪਣੀ ਲੜਾਈ ਜਾਰੀ ਰੱਖਣ ਲਈ ਤ੍ਰਿਸ਼ੂਰ ਜਾਵਾਂਗੇ। ਯਾਨੀ ਕਿ ਕਾਂਗਰਸ ਨੇ ਸਾਫ਼ ਕਰ ਦਿੱਤਾ ਹੈ ਕਿ 15 ਦਿਨਾਂ ਦੀ ਯਾਤਰਾ ਤੋਂ ਬਾਅਦ ਉਹ ਇੱਕ ਦਿਨ ਦਾ ਬ੍ਰੇਕ ਲੈ ਰਹੇ ਹਨ।
ਭਾਜਪਾ ਨੇਤਾ ਕਪਿਲ ਮਿਸ਼ਰਾ ਦੇ ਟਵੀਟ 'ਤੇ ਕਾਂਗਰਸ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਫਿਲਹਾਲ ਕਾਂਗਰਸ ਅਤੇ ਖੁਦ ਰਾਹੁਲ ਗਾਂਧੀ ਆਪਣੀ ਭਾਰਤ ਜੋੜੋ ਯਾਤਰਾ ਨੂੰ ਸਫਲ ਦੱਸ ਰਹੇ ਹਨ। ਰਾਹੁਲ ਨੇ ਕਿਹਾ ਕਿ ਉਨ੍ਹਾਂ ਦੀ ਯਾਤਰਾ ਸਫਲ ਹੋਵੇਗੀ ਕਿਉਂਕਿ ਉਹ ਅੱਗੇ ਵਧਣਗੇ ਅਤੇ ਦੇਸ਼ 'ਚ ਫੈਲੀ ਨਫਰਤ ਖਤਮ ਹੋ ਜਾਵੇਗੀ।