ਨਵੀਂ ਦਿੱਲੀ: ਦਿੱਲੀ ਵਿੱਚ ਸਰਬਸੰਮਤੀ ਨਾਲ ਇਕੱਲੇ ਰਹਿਣ ਦਾ ਫੈਸਲਾ ਹੋਣ ਮਗਰੋਂ ਵੀ ਕਾਂਗਰਸ ਫਿਰ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਹਰਾਉਣ ਲਈ ਰਾਜਧਾਨੀ ‘ਚ ਆਮ ਆਦਮੀ ਪਾਰਟੀ ਨਾਲ ਤਾਲਮੇਲ ਬਣਾਉਣ ਲਈ ਚੋਣਾਂ ਦਾ ਵਿਸ਼ਲੇਸ਼ਣ ਕਰ ਰਹੀ ਹੈ।


ਸੂਤਰਾਂ ਮੁਤਾਬਕ ਕਾਂਗਰਸ ਲੀਡਰਸ਼ਿਪ 'ਆਪ' ਦੇ ਨੇਤਾਵਾਂ ਨਾਲ ਗੱਲਬਾਤ ਕਰ ਰਹੀ ਹੈ। ਪਾਰਟੀ ਦੇ ਸੀਨੀਅਰ ਆਗੂ ਦਿੱਲੀ ਕਾਂਗਰਸ ਦੇ ਆਗੂਆਂ ਨੂੰ ਅਰਵਿੰਦ ਕੇਜਰੀਵਾਲ ਨਾਲ ਗੱਠਜੋੜ ਲਈ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਦਿੱਲੀ ਕਾਂਗਰਸ ਦੇ ਇੰਚਾਰਜ ਜਨਰਲ ਸਕੱਤਰ ਪੀਸੀ ਚਾਕੋ ਨੇ ਕਿਹਾ, ''ਮੈਂ ਦਿੱਲੀ 'ਚ 'ਆਪ' ਨਾਲ ਗਠਜੋੜ ਕਰਨ ਲਈ ਕਾਂਗਰਸ ਪਾਰਟੀ ਦੇ ਨੇਤਾਵਾਂ ਨਾਲ ਸਲਾਹ ਕਰ ਰਿਹਾ ਹਾਂ।” ਉਨ੍ਹਾਂ ਕਿਹਾ ਕਿ ਕਾਂਗਰਸ ਵਰਕਿੰਗ ਕਮੇਟੀ ਨੇ ਲੋਕ ਸਭਾ ਚੋਣਾਂ ‘ਚ ਅਜਿਹੀਆਂ ਵਿਚਾਰਧਾਰਾ ਵਾਲੀਆਂ ਪਾਰਟੀਆਂ ਨਾਲ ਤਾਲਮੇਲ ਬਣਾਉਣ ਦਾ ਫੈਸਲਾ ਕੀਤਾ ਹੈ ਜੋ ਭਾਜਪਾ ਨੂੰ ਹਰਾਉਣਾ ਚਾਹੁੰਦੀਆਂ ਹਨ।

ਉਨ੍ਹਾਂ ਅੱਗੇ ਕਿਹਾ, "ਮੈਂ ਆਸ ਕਰਦਾ ਹਾਂ ਕਿ ਦਿੱਲੀ ਦੇ ਕਾਂਗਰਸੀ ਆਗੂ ਵੀ 'ਆਪ' ਨਾਲ ਗੱਠਜੋੜ ਕਰਨ ਦਾ ਫੈਸਲਾ ਕਰਦੇ ਹਨ, ਪਰ ਅੰਤਿਮ ਫੈਸਲਾ ਕਾਂਗਰਸ ਦੇ ਪ੍ਰਧਾਨ ਵੱਲੋਂ ਛੇਤੀ ਹੀ ਲਿਆ ਜਾਵੇਗਾ।" ਦਿੱਲੀ ਵਿੱਚ ਲੋਕ ਸਭਾ ਚੋਣਾਂ 12 ਮਈ ਨੂੰ ਹੋਣਗੀਆਂ।