ਨਵੀਂ ਦਿੱਲੀ: ਦਿੱਲੀ ‘ਚ ਕਾਂਗਰਸ ਲੋਕ ਸਭਾ ਚੋਣਾਂ ਇਕੱਲੇ ਹੀ ਲੜੇਗੀ। ਅੱਜ ਕਾਂਗਰਸ ਸੂਬਾ ਪ੍ਰਧਾਨ ਸ਼ੀਲਾ ਦਿਕਸ਼ਿਤ ਨੇ ਸਾਫ ਸ਼ਬਦਾਂ ‘ਚ ਕਹਿ ਦਿੱਤਾ ਹੈ ਕਿ ਪਾਰਟੀ ਦਿੱਲੀ ‘ਚ ਆਮ ਆਦਮੀ ਪਾਰਟੀ ਨਾਲ ਗਠਜੋੜ ਨਹੀਂ ਕਰੇਗੀ। ਦਿਕਸ਼ਿਤ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਬੈਠਕ ਤੋਂ ਬਾਅਦ ਇਹ ਬਿਆਨ ਦਿੱਤਾ ਹੈ।


'ਆਪ' ਨਾਲ ਗਠਜੋੜ ਨੂੰ ਲੈ ਕੇ ਪਾਰਟੀ ਦੋ ਰਾਏ ਸੀ। ਪਾਰਟੀ ਦਾ ਇੱਕ ਧੜਾ ਗਠਜੋੜ ਦੇ ਪੱਖ ‘ਚ ਤੇ ਦੂਜਾ ਗਠਜੋੜ ਨੂੰ ਲੈ ਕੇ ਵਿਰੋਧ ‘ਚ ਸੀ। ਇਸ ‘ਤੇ ਰਾਹੁਲ ਗਾਂਧੀ ਨੇ ਅੱਜ ਬੈਠਕ ‘ਚ ਚਰਚਾ ਕੀਤੀ। ਦਿੱਲੀ ‘ਚ ਹੋਈ ਬੈਠਕ ‘ਚ ਸ਼ੀਲਾ ਦਿਕਸ਼ਿਤ, ਪੀਸੀ ਚਾਕੋ, ਕੁਲਜੀਤ ਨਾਗਰਾ ਤੇ ਹਾਰੂਨ ਯੂਸੁਫ ਮੌਜੂਦ ਸੀ।


ਆਮ ਆਦਮੀ ਪਾਰਟੀ ਨੂੰ ਕਾਂਗਰਸ ਨਾਲ ਗਠੋੜ ਦੀ ਪੂਰੀ ਉਮੀਦ ਸੀ। ਇਕ ਸਮੇਂ 'ਆਪ' ਨੂੰ ਕਾਂਗਰਸ ਦਾ ਕੱਟੜ ਵਿਰੋਧੀ ਮੰਨਿਆ ਜਾਂਦਾ ਸੀ। ਪਿਛਲੀ ਲੋਕ ਸਭਾ ਚੋਣਾਂ ‘ਚ ਦਿੱਲੀ ਦੀਆਂ ਸੱਤ ਸੀਟਾਂ ‘ਤੇ ਬੀਜੇਪੀ ਦਾ ਕਬਜ਼ਾ ਰਿਹਾ ਹੈ। ਕੁਝ ਸਮੇਂ ਪਹਿਲਾਂ ਸਭ ਨੂੰ ਉਮੀਦ ਸੀ ਕਿ ਸ਼ਾਇਦ ਆਪ ਤੇ ਕਾਂਗਰਸ ਹੱਥ ਮਿਲਾ ਰਹੀਆਂ ਹਨ। ਹੁਣ ਇੱਕ ਵਾਰ ਫੇਰ ਸਾਫ ਹੋ ਗਿਆ ਹੈ ਕਿ ਆਪ ਅਤੇ ਕਾਂਗਰਸ ਇਕੱਲਿਆਂ ਚੋਣਾਂ ਲੜਣਗੀਆਂ।