ਨਵੀਂ ਦਿੱਲੀ: ਆਰਥਿਕ ਮੰਦੀ ਦੇ ਮੁੱਦੇ 'ਤੇ ਕੇਂਦਰ ਸਰਕਾਰ ਦਾ ਘਿਰਾਓ ਕਰਨ ਲਈ ਕਾਂਗਰਸ 30 ਨਵੰਬਰ ਨੂੰ ਰਾਮਲੀਲਾ ਮੈਦਾਨ 'ਚ ਰੈਲੀ ਕਰੇਗੀ। ਪਾਰਟੀ ਸੂਤਰਾਂ ਮੁਤਾਬਕ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਰਾਹੁਲ ਗਾਂਧੀ ਜਿਹੇ ਨੇਤਾ ਇਸ ਰੈਲੀ ਨੂੰ ਸੰਬੋਧਨ ਕਰਨਗੇ। ਕਾਂਗਰਸ ਇਸ ਰੈਲੀ 'ਚ ਵੱਡੀਆਂ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕਾਂਗਰਸ ਨੇਤਾਵਾਂ ਦਾ ਕਹਿਣਾ ਹੈ ਕਿ ਆਰਥਿਕ ਮੋਰਚੇ 'ਤੇ ਸਰਕਾਰ ਨੂੰ ਸੰਸਦ ਅੰਦਰ ਤੇ ਬਾਹਰ ਘੇਰਨ ਦੀ ਪੂਰੀ ਤਿਆਰੀ ਹੈ।


ਪਹਿਲਾਂ ਇਹ ਅਕਤੂਬਰ 'ਚ ਹੋਣਾ ਸੀ ਪਰ ਮਹਾਰਾਸ਼ਟਰ ਤੇ ਹਰਿਆਣਾ ਵਿਧਾਨ ਸਭਾ ਚੋਣਾਂ ਕਾਰਨ ਪ੍ਰਦਰਸ਼ਨ ਪ੍ਰੋਗਰਾਮ ਨੂੰ 5 ਤੋਂ 15 ਨਵੰਬਰ ਤੱਕ ਅੱਗੇ ਕਰ ਦਿੱਤਾ ਗਿਆ। ਇਸ ਦੌਰਾਨ ਨਵੰਬਰ ਦੇ ਪਹਿਲੇ ਹਫ਼ਤੇ ਕਾਂਗਰਸ ਨੇ ਦੇਸ਼ ਭਰ 'ਚ ਆਰਥਿਕ ਮੰਦੀ ਬਾਰੇ ਪ੍ਰੈੱਸ ਕਾਨਫਰੰਸ ਕੀਤੀ। ਹੁਣ ਕਾਂਗਰਸ ਨੇ ਨਿਰਦੇਸ਼ ਜਾਰੀ ਕੀਤੇ ਹਨ ਕਿ ਪ੍ਰੋਗਰਾਮ 25 ਨਵੰਬਰ ਤੱਕ ਬਲਾਕ ਤੋਂ ਰਾਜ ਪੱਧਰ ਤੱਕ ਪੂਰੇ ਕੀਤੇ ਜਾਣ। ਕਾਂਗਰਸ ਇਨ੍ਹਾਂ ਦੇਸ਼ ਵਿਆਪੀ ਪ੍ਰਦਰਸ਼ਨਾਂ ਨੂੰ ਰਾਮਲੀਲਾ ਮੈਦਾਨ 'ਚ ਇੱਕ ਰੈਲੀ ਰਾਹੀਂ ਸਮਾਪਤ ਕਰੇਗੀ।

ਇਸ ਦੀਆਂ ਤਿਆਰੀਆਂ ਦੇ ਮੱਦੇਨਜ਼ਰ 16 ਨਵੰਬਰ ਨੂੰ ਕਾਂਗਰਸ ਨੇ ਦੇਸ਼ ਭਰ 'ਚ ਆਪਣੇ ਪ੍ਰਮੁੱਖ ਨੇਤਾਵਾਂ ਦੀ ਮੀਟਿੰਗ ਸੱਦੀ ਜਿਸ 'ਚ ਸਾਰੇ ਜਨਰਲ ਸਕੱਤਰਾਂ ਤੇ ਸਾਰੇ ਸੂਬਾ ਪ੍ਰਧਾਨਾਂ ਨੂੰ ਹਾਜ਼ਰ ਹੋਣ ਲਈ ਕਿਹਾ ਗਿਆ ਹੈ। 16 ਨੂੰ ਪਾਰਟੀ ਰਾਮਲੀਲਾ ਮੈਦਾਨ 'ਚ ਰੈਲੀ ਦਾ ਰਸਮੀ ਐਲਾਨ ਕਰੇਗੀ। ਪਾਰਟੀ ਰੈਲੀ 'ਚ ਇੱਕ ਲੱਖ ਦੀ ਭੀੜ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਇੱਕ ਅਹਿਮ ਗੱਲ ਇਹ ਵੀ ਹੈ ਕਿ ਆਰਥਿਕ ਮੁੱਦਿਆਂ 'ਤੇ ਹੋਏ ਪ੍ਰਦਰਸ਼ਨਾਂ 'ਚ ਕਾਂਗਰਸ ਨੇਤਾ ਗਾਂਧੀ ਪਰਿਵਾਰ ਤੋਂ ਐਸਪੀਜੀ ਸੁਰੱਖਿਆ ਹਟਾਉਣ ਦਾ ਮੁੱਦਾ ਉਠਾ ਕੇ ਕੇਂਦਰ ਸਰਕਾਰ ਨੂੰ ਵੀ ਨਿਸ਼ਾਨਾ ਬਣਾਉਣਗੇ। ਇਸ ਦਾ ਜ਼ਿਕਰ ਕਾਂਗਰਸ ਦੇ ਅੰਦਰੂਨੀ ਨੋਟ 'ਚ ਕੀਤਾ ਗਿਆ ਹੈ ਜਿਸ ਨੂੰ ਪਾਰਟੀ ਨੇ ਆਰਥਿਕ ਮੁੱਦਿਆਂ 'ਤੇ ਪ੍ਰਦਰਸ਼ਨ ਕਰਨ ਲਈ ਜਾਰੀ ਕੀਤਾ ਹੈ।