ਨਵੀਂ ਦਿੱਲੀ: ਕਾਂਗਰਸ ਵਰਕਿੰਗ ਕਮੇਟੀ (CWC) 10 ਅਗਸਤ ਨੂੰ ਪਾਰਟੀ ਦੇ ਨਵੀਂ ਦਿੱਲੀ ਵਿਖੇ ਮੁੱਖ ਦਫ਼ਤਰ ਅਹਿਮ ਬੈਠਕ ਕਰੇਗੀ। ਇਸ ਦੌਰਾਨ ਪਾਰਟੀ ਦੇ ਨਵੇਂ ਪ੍ਰਧਾਨ ਬਾਰੇ ਫੈਸਲਾ ਲਿਆ ਜਾ ਸਕਦਾ ਹੈ। ਕਾਂਗਰਸ ਦੇ ਕੌਮੀ ਸੰਗਠਨ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ।


ਕੇਸੀ ਵੇਣੂਗੋਪਾਲ ਨੇ ਕਿਹਾ ਕਿ 10 ਅਗਸਤ ਨੂੰ ਸਵੇਰੇ 11 ਵਜੇ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਕਰਨ ਦਾ ਫੈਸਲਾ ਲਿਆ ਗਿਆ ਹੈ। ਦੱਸ ਦੇਈਏ ਕੁਝ ਦਿਨ ਪਹਿਲਾਂ ਪਾਰਟੀ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਸੀ ਕਿ ਸੀਡਬਲਯੂਸੀ ਇਸ ਸੰਸਦ ਦੇ ਸੈਸ਼ਨ ਤੋਂ ਬਾਅਦ ਬੈਠਕ ਕਰੇਗੀ।


ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਵਿੱਚ ਸ਼ਰਮਨਾਕ ਹਾਰ ਤੋਂ ਬਾਅਦ ਰਾਹੁਲ ਗਾਂਧੀ ਨੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਮਨਾਉਣ ਦੀ ਬਥੇਰੀ ਕੋਸ਼ਿਸ਼ ਹੋਈ ਪਰ ਉਹ ਨਹੀਂ ਮੰਨੇ। ਨਤੀਜਨ ਕਾਂਗਰਸ ਨੂੰ ਆਪਣਾ ਨਵਾਂ ਪ੍ਰਧਾਨ ਚੁਣਨਾ ਪੈ ਰਿਹਾ ਹੈ।


ਹੁਣ ਪਾਰਟੀ ਵਰਕਰ ਤੇ ਆਗੂ ਚਾਹੁੰਦੇ ਹਨ ਕਿ ਰਾਹੁਲ ਗਾਂਧੀ ਦੀ ਭੈਣ ਪ੍ਰਿਅੰਕਾ ਗਾਂਧੀ ਇਸ ਜ਼ਿੰਮੇਵਾਰੀ ਨੂੰ ਸੰਭਾਲਣ। ਹਾਲਾਂਕਿ, ਰਾਹੁਲ ਚਾਹੁੰਦੇ ਹਨ ਕਿ ਪਾਰਟੀ ਦਾ ਅਗਲਾ ਪ੍ਰਧਾਨ ਗਾਂਧੀ-ਨਹਿਰੂ ਪਰਿਵਾਰ ਵਿੱਚੋਂ ਨਾ ਬਣੇ। ਪ੍ਰਿਅੰਕਾ ਨੇ ਖ਼ੁਦ ਵੀ ਇਸ ਜ਼ਿੰਮੇਵਾਰੀ ਨੂੰ ਸੰਭਾਲਣ ਤੋਂ ਇਨਕਾਰ ਕਰ ਦਿੱਤਾ ਹੈ।