ਨਵੀਂ ਦਿੱਲੀ: ਜੰਮੂ-ਕਸ਼ਮੀਰ ਵਿੱਚ ਭਾਰਤੀ ਫੌਜ ਦੀ ਹਿੱਲਜੁਲ ਤੋਂ ਦੂਜੇ ਦੇਸ਼ ਵੀ ਫਿਕਰਮੰਦ ਹੋ ਗਏ ਹਨ। ਯੂਕੇ ਤੇ ਜਰਮਨੀ ਤੇ ਆਸਟਰੇਲੀਆ ਦੀਆਂ ਸਰਕਾਰਾਂ ਨੇ ਜੰਮੂ-ਕਸ਼ਮੀਰ ਗਏ ਆਪਣੇ ਨਾਗਰਿਕਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਹੈ। ਵਿਦੇਸ਼ੀ ਸਰਕਾਰਾਂ ਨੇ ਆਪਣੇ ਨਾਗਰਿਕਾਂ ਨੂੰ ਜੰਮੂ-ਕਸ਼ਮੀਰ ਨਾ ਜਾਣ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ ਜਿਹੜੇ ਨਾਗਰਿਕ ਉੱਥੇ ਘੁੰਮਣ ਗਏ ਹਨ, ਉਨ੍ਹਾਂ ਨੂੰ ਤੁਰੰਤ ਵਾਪਸ ਆਉਣ ਲਈ ਕਿਹਾ ਹੈ।


ਵਿਦੇਸ਼ਾਂ ਦੇ ਭਾਰਤ ਵਿਚਲੇ ਦੂਤਾਵਾਸ ਨੇ ਕਿਹਾ ਹੈ ਕਿ ਉਨ੍ਹਾਂ ਦੇ ਨਾਗਰਿਕ ਚੌਕਸ ਰਹਿਣ ਤੇ ਉਥੋਂ ਦੇ ਘਟਨਾਕ੍ਰਮ ਦੀ ਜਾਣਕਾਰੀ ਲੈਂਦੇ ਰਹਿਣ। ਉਨ੍ਹਾਂ ਆਪਣੇ ਨਾਗਰਿਕਾਂ ਨੂੰ ਪਹਿਲਗਾਮ, ਗੁਲਮਰਗ ਤੇ ਸੋਨਮਰਗ ਸਮੇਤ ਹੋਰ ਥਾਵਾਂ ’ਤੇ ਜਾਣ ਤੋਂ ਗੁਰੇਜ਼ ਕਰਨ ਲਈ ਕਿਹਾ ਹੈ। ਦਿੱਲੀ ’ਚ ਬ੍ਰਿਟਿਸ਼ ਹਾਈ ਕਮਿਸ਼ਨ ਵੱਲੋਂ ਵੀ ਹਾਲਾਤ ’ਤੇ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਪਾਕਿਸਤਾਨ ਨਾਲ ਲਗਦੀ ਸਰਹੱਦ ਲਾਗਲੇ ਇਲਾਕਿਆਂ ’ਚ ਨਾ ਜਾਣ ਦੀ ਵੀ ਸਲਾਹ ਦਿੱਤੀ ਹੈ। ਭਾਰਤ ਵੱਲੋਂ ਅਮਰਨਾਥ ਸ਼ਰਧਾਲੂਆਂ ਤੇ ਸੈਲਾਨੀਆਂ ਨੂੰ ਵਾਦੀ ਛੱਡ ਕੇ ਜਾਣ ਦੇ ਦਿੱਤੇ ਹੁਕਮਾਂ ਮਗਰੋਂ ਕਈ ਮੁਲਕ ਵੀ ਸਰਗਰਮ ਹੋ ਗਏ ਹਨ।

ਭਾਰਤੀ ਫੌਜ ਦੀ ਹਿੱਲਜੁਲ ਤੇ ਧਾਰਮਿਕ ਯਾਤਰਾਵਾਂ ਰੱਦ ਕਰਨ ਕਰਕੇ ਜੰਮੂ-ਕਸ਼ਮੀਰ ਵਿੱਚ ਵੀ ਦਹਿਸ਼ਤ ਦਾ ਮਾਹੌਲ ਹੈ। ਲੋਕ ਘਰਾਂ ਵਿੱਚ ਰਾਸ਼ਨ ਦਾ ਭੰਡਾਰ ਕਰਨ ਲੱਗੇ ਹੋਏ ਹਨ। ਉਧਰ, ਕਾਂਗਰਸ ਨੇ ਕੇਂਦਰ ਸਰਕਾਰ ਵੱਲੋਂ ਅਮਰਨਾਥ ਯਾਤਰਾ ਅੱਧ-ਵਿਚਾਲੇ ਰੋਕਣ ਦੇ ਫੈਸਲੇ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਸਾਰਾ ਦੇਸ਼ ਇਸ ਘਟਨਾਕ੍ਰਮ ਨੂੰ ਲੈ ਕੇ ਚਿੰਤਤ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੰਮੂ ਕਸ਼ਮੀਰ ਦੀ ਤਾਜ਼ਾ ਸਥਿਤੀ ਸਬੰਧੀ ਸੰਸਦ ਦੇ ਵਿੱਚ ਬਿਆਨ ਦੇਣਾ ਚਾਹੀਦਾ ਹੈ।

ਇਸ ਦੌਰਾਨ ਹੀ ਅੱਜ ਸੀਪੀਐਮ ਦੀ ਪੋਲਿਟ ਬਿਊਰੋ ਮੀਟਿੰਗ ਤੋਂ ਬਾਅਦ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਜੰਮੂ ਕਸ਼ਮੀਰ ਸਬੰਧੀ ਕਿਸੇ ਪ੍ਰਕਾਰ ਦੀ ਰਾਜਸੀ ਮਾਅਰਕੇਬਾਜ਼ੀ ਤੋਂ ਗੁਰੇਜ਼ ਕਰੇ। ਕਾਂਗਰਸ ਦੇ ਸੀਨੀਅਰ ਆਗੂ ਗੁਲਾਮ ਨਬੀ ਅਜ਼ਾਦ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਪਿਛਲੇ ਤੀਹ ਸਾਲ ਵਿੱਚ ਅਮਰਨਾਥ ਯਾਤਰਾ ਕਦੇ ਉਦੋਂ ਵੀ ਬੰਦ ਨਹੀਂ ਹੋਈ ਜਦੋਂ ਯਾਤਰੀਆਂ ਨੂੰ ਅਤਿਵਾਦੀਆਂ ਨੇ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਫਰਜ਼ ਬਣਦਾ ਹੈ ਕਿ ਉਹ ਸੰਸਦ ਦੇ ਦੋਵਾਂ ਸਦਨਾਂ ਨੂੰ ਜੰਮੂ ਕਸ਼ਮੀਰ ਦੀ ਸਥਿਤੀ ਤੋਂ ਜਾਣੂ ਕਰਵਾਉਣ।

ਇਸ ਮੌਕੇ ਹੀ ਕਾਂਗਰਸ ਦੇ ਸੀਨੀਅਰ ਆਗੂ ਕਰਨ ਸਿੰਘ ਨੇ ਕਿਹਾ ਕਿ ਸੂਬੇ ਦਾ ਹਰ ਵਾਸੀ ਸਰਕਾਰ ਵੱਲੋਂ ਯਾਤਰਾ ਵਿਚਾਲੇ ਬੰਦ ਕਰਨ ਬਾਅਦ ਭੈਅ ਤੇ ਸਦਮੇ ਵਿੱਚ ਹੈ। ਇਸ ਦੌਰਾਨ ਭਾਜਪਾ ਦੀ ਜੰਮੂ ਕਸ਼ਮੀਰ ਦੀ ਇਕਾਈ ਨੇ ਪੀਡੀਪੀ, ਕਾਂਗਰਸ ਤੇ ਨੈਸ਼ਨਲ ਕਾਨਫਰੰਸ ਦੇ ਆਗੂਆਂ ਉੱਤੇ ਜਾਣਬੁੱਝ ਕੇ ਲੋਕਾਂ ਵਿੱਚ ਸਹਿਮ ਤੇ ਅਫਵਾਹਾਂ ਫੈਲਾਉਣ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੂਬੇ ਦੇ ਲੋਕਾਂ ਦੇ ਜ਼ਖ਼ਮਾਂ ਉੱਤੇ ਮੱਲ੍ਹਮ ਲਾ ਰਹੇ ਹਨ।