ਵਾਸ਼ਿੰਗਟਨ: ਅਮਰੀਕਾ ਵਿੱਚ ਇੱਕ ਵਾਰ ਫਿਰ ਤੋਂ ਗੋਲ਼ੀਬਾਰੀ ਦੀ ਘਟਨਾ ਦੇਖਣ ਨੂੰ ਮਿਲੀ ਹੈ। ਟੈਕਸਸ ਸੂਬੇ ਦੇ ਅਲ ਪਾਸੋ ਵਿੱਚ ਬਣੇ ਹੋਏ ਵਾਲਮਾਰਟ ਸ਼ਾਪਿੰਗ ਸੈਂਟਰ ਵਿੱਚ ਇੱਕ ਗੋਰੇ ਵਿਅਕਤੀ ਨੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ, ਜਿਸ ਕਾਰਨ ਘੱਟੋ-ਘੱਟੋ 20 ਜਣਿਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਸਥਾਨਕ ਪੁਲਿਸ ਨੇ ਇਸ ਘਟਨਾ ਮਗਰੋਂ ਤਿੰਨ ਸ਼ੱਕੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।


ਸਥਾਨਕ ਸ਼ਨੀਵਾਰ ਬਾਅਦ ਦੁਪਹਿਰ ਸਮੇਂ ਵਾਪਰੀ ਘਟਨਾ ਵਿੱਚ 26 ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ। ਹਮਲਾਵਰ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਉਹ ਹੱਥ ਵਿੱਚ ਬੰਦੂਕ ਫੜੀ ਗੋਲ਼ੀਆਂ ਚਲਾ ਰਿਹਾ ਹੈ। ਸਥਾਨਕ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਹਮਲਾਵਰ ਦੀ ਉਮਰ 21 ਸਾਲ ਹੈ। ਉਸ ਦੇ ਹੱਥ ਵਿੱਚ ਏਕੇ 47 ਜਿਹੀ ਕੋਈ ਆਟੋਮੈਟਿਕ ਰਾਈਫਲ ਫੜੀ ਹੋਈ ਹੈ। ਉਹ ਪੂਰੀ ਤਿਆਰੀ ਨਾਲ ਆਇਆ ਜਾਪਦਾ ਹੈ, ਸ਼ਾਇਦ ਇਸ ਲਈ ਆਪਣੇ ਕੰਨਾਂ ਨੂੰ ਗੋਲ਼ੀਆਂ ਦੀ ਆਵਾਜ਼ ਤੋਂ ਬਚਾਉਣ ਲਈ ਵਿਸ਼ੇਸ਼ ਢੱਕਣ ਵੀ ਪਾਏ ਹੋਏ ਹਨ।


ਘਟਨਾ 'ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਵਾਲਮਾਰਟ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦੱਸ ਦੇਈਏ ਕਿ ਪਿਛਲੇ ਐਤਵਾਰ ਨੂੰ ਉੱਤਰੀ ਕੈਲੇਫੋਰਨੀਆ ਵਿੱਚ ਸਾਲਾਨਾ ਅਦਰਕ ਮੇਲੇ ਦੌਰਾਨ ਵੀ ਅਜਿਹੀ ਗੋਲ਼ੀਬਾਰੀ ਦੀ ਘਟਨਾ ਵਾਪਰੀ ਸੀ, ਜਿਸ ਦੌਰਾਨ ਚਾਰ ਜਣਿਆਂ ਦੀ ਮੌਤ ਹੋ ਗਈ ਸੀ।



ਇਸ ਤੋਂ ਪਹਿਲਾਂ ਜੂਨ ਵਿੱਚ ਵਰਜੀਨੀਆ 'ਚ ਹੋਈ ਗੋਲ਼ੀਬਾਰੀ 'ਚ 12 ਜਣਿਆਂ ਦੀ ਮੌਤ ਹੋ ਗਈ ਸੀ। ਨਿੱਤ ਦਿਨ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਕਰਕੇ ਸਥਾਨਕ ਲੋਕ ਹਥਿਆਰਾਂ 'ਤੇ ਕਾਬੂ ਪਾਉਣ ਦੀ ਵੀ ਮੰਗ ਕਰ ਰਹੇ ਹਨ।