ਲਖਨਊ: ਉਨਾਓ ਬਲਾਤਕਾਰ ਪੀੜਤਾ ਨਾਲ ਹੋਏ ਸੜਕ ਹਾਦਸੇ ਦੀ ਜਾਂਚ ਕਰ ਰਹੀ ਸੀਬੀਆਈ ਨੇ ਐਤਵਾਰ ਨੂੰ ਮੁਲਜ਼ਮ ਵਿਧਾਇਕ ਕੁਲਦੀਪ ਸੇਂਗਰ ਤੇ ਉਸ ਦੇ ਕਰੀਬੀ ਸਾਥੀਆਂ ਦੇ 15 ਟਿਕਾਣਿਆਂ 'ਤੇ ਛਾਪੇ ਮਾਰੇ। ਜਾਂਚ ਏਜੰਸੀ ਨੇ ਲਖਨਊ, ਉਨਾਓ, ਬਾਂਦਾ ਤੇ ਫਤਿਹਪੁਰ ਵਿੱਚ ਇੱਕੋ ਸਮੇਂ ਕਾਰਵਾਈ ਕੀਤੀ। ਇੱਕ ਟੀਮ ਕੁਲਦੀਪ ਦੀ ਰਿਹਾਇਸ਼ 'ਤੇ ਵੀ ਪਹੁੰਚੀ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਸੀਬੀਆਈ ਨੇ ਉਸ ਤੋਂ ਸੀਤਾਪੁਰ ਜੇਲ੍ਹ ਵਿੱਚ ਕਰੀਬ 6 ਘੰਟਿਆਂ ਤਕ ਪੁੱਛਗਿੱਛ ਕੀਤੀ ਸੀ। ਇਸ ਦੌਰਾਨ ਕੁਲਦੀਪ ਨੂੰ ਮਿਲਣ ਵਾਲੇ ਲੋਕਾਂ ਦੀ ਸੂਚੀ ਵੀ ਖੰਗਾਲੀ ਗਈ।
ਸੀਬੀਆਈ ਦੀ ਟੀਮ ਸ਼ਨੀਵਾਰ ਨੂੰ ਤੀਜੀ ਵਾਰ ਜਾਂਚ ਲਈ ਹਾਦਸੇ ਵਾਲੀ ਜਗ੍ਹਾ ਪਹੁੰਚੀ। ਘਟਨਾ ਵਾਲੇ ਸਥਾਨ ਦੇ ਨੇੜੇ ਦੁਕਾਨਦਾਰਾਂ ਦੇ ਬਿਆਨ ਦਰਜ ਕੀਤੇ ਗਏ। ਪੀੜਤਾ ਦੀ ਕਾਰ ਨੂੰ ਟੱਕਰ ਮਾਰਨ ਵਾਲੇ ਟਰੱਕ ਡਰਾਈਵਰ ਤੇ ਕਲੀਨਰ ਤਿੰਨ ਦਿਨਾਂ ਦੇ ਰਿਮਾਂਡ 'ਤੇ ਹਨ। ਐਤਵਾਰ ਸਵੇਰੇ ਟਰੱਕ ਦਾ ਮਾਲਕ ਦਵੇਂਦਰ ਕਿਸ਼ੋਰ ਪਾਲ ਵੀ ਲਖਨਊ ਵਿੱਚ ਸੀਬੀਆਈ ਦਫਤਰ ਪਹੁੰਚਿਆ। ਸੀਬੀਆਈ ਨੇ ਉਸ ਨੂੰ ਪੁੱਛਗਿੱਛ ਲਈ ਤਲਬ ਕੀਤਾ ਸੀ। ਦੇਵੇਂਦਰ ਨੇ ਕਿਹਾ ਕਿ ਉਹ ਬੇਕਸੂਰ ਹੈ। ਉਸ ਦਾ ਮੁਲਜ਼ਮ ਵਿਧਾਇਕ ਨਾਲ ਕੋਈ ਸਬੰਧ ਨਹੀਂ ਤੇ ਨਾ ਹੀ ਉਹ ਪੀੜਤਾ ਜਾਂ ਉਸ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਜਾਣਦਾ ਹੈ।
ਸੀਬੀਆਈ ਨੇ ਸੀਤਾਪੁਰ ਜੇਲ੍ਹ ਅਧਿਕਾਰੀਆਂ ਤੋਂ ਕੁਲਦੀਪ ਨੂੰ ਮਿਲਣ ਵਾਲੇ ਲੋਕਾਂ ਦੀ ਵੀਡੀਓ ਫੁਟੇਜ਼ ਮੰਗੀ ਹੈ। ਇਸ ਦੇ ਨਾਲ ਹੀ, ਵਿਧਾਇਕ ਨੂੰ ਮਿਲਣ ਲਈ ਆਉਣ ਵਾਲੇ ਲੋਕਾਂ ਦੇ ਨਾਂ ਵੀ ਵਿਜ਼ਟਰਾਂ ਦੀ ਸੂਚੀ ਵਿੱਚ ਚੈੱਕ ਕੀਤੇ ਗਏ ਹਨ। ਜੇਲ੍ਹ ਦੇ ਆਲੇ-ਦੁਆਲੇ ਟਾਵਰਾਂ ਤੋਂ ਵੀ ਸ਼ੱਕੀ ਫੋਨ ਕਾਲਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਗਈ ਹੈ। ਸੂਤਰਾਂ ਮੁਤਾਬਕ ਸੀਬੀਆਈ ਐਤਵਾਰ ਨੂੰ ਕੁਲਦੀਪ ਤੋਂ ਦੁਬਾਰਾ ਪੁੱਛਗਿੱਛ ਕਰ ਸਕਦੀ ਹੈ।