ਨਵੀਂ ਦਿੱਲੀ: ਜੰਮੂ-ਕਸ਼ਮੀਰ ਵਿੱਚ ਸੁਰੱਖਿਆ ਬਲਾਂ ਹੱਥ ਬੀਤੇ ਕੱਲ੍ਹ ਵੱਡੀ ਕਾਮਯਾਬੀ ਲੱਗੀ। ਜਵਾਨਾਂ ਨੇ ਭਾਰਤ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਪੰਜ ਤੋਂ ਛੇ ਘੁਸਪੈਠੀਆਂ ਨੂੰ ਮਾਰ ਮੁਕਾਇਆ। ਮਾਰੇ ਗਏ ਘੁਸਪੈਠੀਏ ਪਾਕਿਸਤਾਨ ਦੀ ਬੈਟ ਟੀਮ ਦੇ ਜਾਪਦੇ ਹਨ। ਹੁਣ ਭਾਰਤੀ ਫ਼ੌਜ ਨੇ ਪਾਕਿਸਤਾਨ ਨੂੰ ਸੁਨੇਹਾ ਭੇਜਿਆ ਹੈ ਕਿ ਚਿੱਟੇ ਝੰਡਾ ਲੈ ਕੇ ਆਵੇ ਅਤੇ ਆਪਣੇ ਨਾਗਰਿਕਾਂ ਦੀਆਂ ਲਾਸ਼ਾਂ ਲੈ ਜਾਵੇ।


ਹਾਲਾਂਕਿ, ਪਾਕਿਸਤਾਨ ਵਾਲੇ ਪਾਸਿਓਂ ਹਾਲੇ ਤਕ ਕੋਈ ਜਵਾਬ ਨਹੀਂ ਆਇਆ ਹੈ। ਜੇਕਰ ਪਿਛਲੀਆਂ ਕਾਰਵਾਈਆਂ 'ਤੇ ਝਾਤ ਮਾਰੀਏ ਤਾਂ ਘੁਸਪੈਠ ਦੌਰਾਨ ਮਾਰੇ ਜਾਣ ਵਾਲੇ ਅੱਤਵਾਦੀਆਂ ਤੇ ਬੈਟ ਜਵਾਨਾਂ ਨੂੰ ਪਾਕਿਸਤਾਨ ਆਪਣਾ ਮੰਨਣ ਤੋਂ ਇਨਕਾਰ ਕਰਦਾ ਆਇਆ ਹੈ।


ਇਨ੍ਹੀਂ ਦਿਨੀ ਕਸ਼ਮੀਰ ਵਿੱਚ ਮਾਹੌਲ ਕਾਫੀ ਭਖ਼ਿਆ ਹੋਇਆ ਹੈ। ਭਾਰਤੀ ਫ਼ੌਜ ਨੇ ਅਮਰਨਾਥ ਯਾਤਰਾ 'ਤੇ ਅੱਤਵਾਦੀ ਹਮਲੇ ਦਾ ਖ਼ਦਸ਼ਾ ਪ੍ਰਗਟਾਇਆ ਸੀ, ਜਿਸ ਮਗਰੋਂ ਸਰਕਾਰ ਨੇ ਅਮਰਨਾਥ ਸਮੇਤ ਕਈ ਯਾਤਰਾਵਾਂ ਰੱਦ ਕਰ ਦਿੱਤੀਆਂ ਹਨ।