ਮੁੰਬਈ/ਪਟਨਾ: ਦੇਸ਼ ਵਿੱਚ ਕੋਰੋਨਾਵਾਇਰਸ ਦੀ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਪਹਿਲੀ ਵਾਰ ਇੱਕ ਦਿਨ ਵਿੱਚ ਦੋ ਮੌਤਾਂ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁੰਬਈ 'ਚ ਸ਼ਨੀਵਾਰ ਰਾਤ ਨੂੰ ਇੱਕ 63 ਸਾਲਾ ਮਰੀਜ਼ ਦੀ ਮੌਤ ਹੋ ਗਈ ਸੀ। ਉਸ ਨੂੰ ਪਹਿਲਾਂ ਹੀ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਤੇ ਦਿਲ ਦੀ ਬਿਮਾਰੀ ਸੀ। ਇਸ ਤੋਂ ਬਾਅਦ ਐਤਵਾਰ ਨੂੰ ਪਟਨਾ ਵਿੱਚ 38 ਸਾਲਾ ਸੈਫ ਅਲੀ ਦੀ ਮੌਤ ਹੋ ਗਈ। ਉਹ ਮੁੰਗੇਰ ਦਾ ਵਸਨੀਕ ਸੀ। ਹਾਲ ਹੀ ਵਿੱਚ ਉਹ ਕਤਰ ਤੋਂ ਆਇਆ ਸੀ ਤੇ 20 ਮਾਰਚ ਨੂੰ ਏਮਜ਼ ਵਿੱਚ ਦਾਖਲ ਹੋਇਆ ਸੀ। ਸੈਫ ਸ਼ੂਗਰ ਦਾ ਮਰੀਜ਼ ਸੀ, ਉਸ ਦੀ ਕਿਡਨੀ ਵੀ ਖਰਾਬ ਸੀ। ਹੁਣ ਤੱਕ ਦੇਸ਼ ਵਿੱਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 6 ਹੋ ਗਈ ਹੈ।


ਇਸ ਤੋਂ ਪਹਿਲਾਂ 17 ਮਾਰਚ ਨੂੰ ਮੁੰਬਈ ਦੇ ਕਸਤੂਰਬਾ ਹਸਪਤਾਲ ਵਿੱਚ ਇੱਕ 64 ਸਾਲਾ ਵਿਅਕਤੀ ਦੀ ਮੌਤ ਹੋ ਗਈ ਸੀ। 1 ਮਾਰਚ ਨੂੰ ਪੁਣੇ ਦਾ ਇੱਕ ਜੋੜਾ ਤੇ ਉਨ੍ਹਾਂ ਦੀ ਲੜਕੀ ਦੁਬਈ ਤੋਂ ਮੁੰਬਈ ਵਾਪਸ ਪਰਤੇ ਸਨ। ਉਨ੍ਹਾਂ ਮੁੰਬਈ ਕੌਮਾਂਤਰੀ ਹਵਾਈ ਅੱਡੇ ਤੋਂ ਪੁਣੇ ਲਈ ਟੈਕਸੀ ਬੁੱਕ ਕੀਤੀ ਸੀ। ਬਾਅਦ ਵਿੱਚ ਪਤੀ ਪਤਨੀ ਤੇ ਉਨ੍ਹਾਂ ਦੀ ਧੀ ਕੋਰੋਨਵਾਇਰਸ ਨਾਲ ਸੰਕਰਮਿਤ ਹੋ ਗਏ। ਬਾਅਦ ਵਿੱਚ, ਇਕੋ ਟੈਕਸੀ ਵਿੱਚ ਸਵਾਰ ਦੋ ਹੋਰ ਲੋਕ ਤੇ ਡਰਾਈਵਰ ਵੀ ਸੰਕਰਮਿਤ ਹੋ ਗਏ।

ਮਹਾਰਾਸ਼ਟਰ ਵਿੱਚ ਸਥਿਤੀ ਨਾਜ਼ੁਕ, ਹੁਣ ਤੱਕ 74 ਕੇਸ
ਰਾਜ ਵਿੱਚ ਕੋਰੋਨਾਵਾਇਰਸ ਦੀ ਸਥਿਤੀ ਨਾਜ਼ੁਕ ਬਣ ਗਈ ਹੈ। 24 ਘੰਟਿਆਂ ਵਿੱਚ 10 ਨਵੇਂ ਕੇਸ ਦਰਜ ਕੀਤੇ ਗਏ ਹਨ। ਇਨ੍ਹਾਂ ਵਿੱਚੋਂ 6 ਮੁੰਬਈ ਤੇ 4 ਪੁਣੇ ਵਿੱਚ ਹਨ। ਹੁਣ ਤੱਕ ਇੱਥੋਂ ਦੇ 74 ਮਰੀਜ਼ਾਂ ਵਿੱਚ ਕੋਰੋਨਵਾਇਰਸ ਦੀ ਪੁਸ਼ਟੀ ਹੋਈ ਹੈ, ਜੋ ਰਾਜ ਦੇ ਵੱਖ-ਵੱਖ ਹਸਪਤਾਲਾਂ ਵਿੱਚ ਆਪਣਾ ਇਲਾਜ ਜਾਰੀ ਰੱਖ ਰਹੇ ਹਨ। ਰਾਜ ਦੇ ਸਾਰੇ ਸਕੂਲ, ਕਾਲਜ, ਜਿੰਮ ਤੇ ਸਵੀਮਿੰਗ ਪੂਲ ਬੰਦ ਕਰ ਦਿੱਤੇ ਗਏ ਹਨ। ਪ੍ਰਾਈਵੇਟ ਕਲਾਸਾਂ, ਪ੍ਰੀਖਿਆਵਾਂ ਨੂੰ ਵੀ ਮੁਲਤਵੀ ਕਰਨ ਦੇ ਆਦੇਸ਼ ਦਿੱਤੇ ਗਏ ਹਨ।