Covid Cut India Life Expectancy: ਕੋਰੋਨਾ ਮਹਾਮਾਰੀ ਨੂੰ 4 ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ। ਇਸ ਦੌਰਾਨ ਕੋਰੋਨਾ ਦੇ ਕਈ ਰੂਪ (Variants) ਸਾਹਮਣੇ ਆਏ ਹਨ। ਲੋਕਾਂ ਵਿਚ ਇਸ ਮਹਾਂਮਾਰੀ ਦੇ ਹਲਕੇ ਤੋਂ ਗੰਭੀਰ ਲੱਛਣ ਰਿਪੋਰਟ ਕੀਤੇ ਗਏ ਹਨ।
ਕਰੋਨਾ ਦਾ ਖ਼ਤਰਾ ਅਜੇ ਵੀ ਰੁਕਿਆ ਨਹੀਂ ਹੈ। ਇਸ ਦੌਰਾਨ ਅਕਾਦਮਿਕ ਜਰਨਲ ਸਾਇੰਸ ਐਡਵਾਂਸ ਵਿਚ ਜੀਵਨ ਸੰਭਾਵਨਾ ਬਾਰੇ ਇਕ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਸੀ। ਹਾਲਾਂਕਿ ਇਸ ਰਿਪੋਰਟ ਨੂੰ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਰੱਦ ਕਰ ਦਿੱਤਾ ਹੈ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਕੋਰੋਨਾ ਕਾਰਨ ਭਾਰਤ ਵਿੱਚ ਜੀਵਨ ਸੰਭਾਵਨਾ ਦਰ ਵਿਚ ਕਾਫੀ ਕਮੀ ਆਈ ਹੈ।
ਸਾਇੰਸ ਐਡਵਾਂਸ ਜਰਨਲ ਵਿੱਚ ਪ੍ਰਕਾਸ਼ਿਤ ਅਧਿਐਨ ਦੇ ਅਨੁਸਾਰ ਭਾਰਤ ਵਿੱਚ 2019 ਤੋਂ 2020 ਦਰਮਿਆਨ ਔਸਤ ਉਮਰ ਵਿੱਚ 2.6 ਸਾਲ ਦੀ ਕਮੀ ਆਈ ਹੈ। ਅਧਿਐਨ ਦੇ ਅਨੁਸਾਰ, ਸਮਾਜਿਕ ਤੌਰ ਉਤੇ ਵਾਂਝੇ ਸਮੂਹਾਂ, ਭਾਈਚਾਰਿਆਂ ਦੇ ਜੀਵਨ ਕਾਲ ਵਿੱਚ ਗਿਰਾਵਟ ਆਈ ਹੈ। ਇਸ ਵਿਚ ਇਹ ਗਿਰਾਵਟ ਮਰਦਾਂ ਦੇ ਮੁਕਾਬਲੇ ਔਰਤਾਂ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਇਸ ਰਿਪੋਰਟ ਨੂੰ ਪਰਿਵਾਰ ਅਤੇ ਸਿਹਤ ਭਲਾਈ ਮੰਤਰਾਲੇ ਨੇ ਰੱਦ ਕਰ ਦਿੱਤਾ ਹੈ।
ਮੰਤਰਾਲੇ ਨੇ ਇਨ੍ਹਾਂ ਕਮੀਆਂ ਵੱਲ ਧਿਆਨ ਦਿਵਾਇਆ
ਅਧਿਐਨ ਵਿੱਚ ਕਈ ਕਮੀਆਂ ਨੂੰ ਉਜਾਗਰ ਕਰਦੇ ਹੋਏ ਮੰਤਰਾਲੇ ਨੇ ਕਿਹਾ ਕਿ ਰਿਪੋਰਟ ਤਿਆਰ ਕਰਨ ਵਾਲੇ ਖੋਜਕਰਤਾਵਾਂ ਨੇ ਦੇਸ਼ ਭਰ ਵਿੱਚ ਮੌਤ ਦਰ ਦਾ ਅੰਦਾਜ਼ਾ ਲਗਾਉਣ ਲਈ ਜਨਵਰੀ ਅਤੇ ਅਪ੍ਰੈਲ 2021 ਦੇ ਵਿਚਕਾਰ ਨੈਸ਼ਨਲ ਫੈਮਿਲੀ ਹੈਲਥ ਸਰਵੇ ਦੇ ਪਰਿਵਾਰਾਂ ਦੇ ਅੰਕੜਿਆਂ ਦੀ ਵਰਤੋਂ ਕੀਤੀ। ਮੰਤਰਾਲੇ ਨੇ ਕਿਹਾ ਕਿ ਰਿਪੋਰਟ ਤਾਂ ਹੀ ਸਹੀ ਹੁੰਦੀ ਜੇਕਰ ਘਰੇਲੂ ਸਰਵੇਖਣ ਦੇ ਨਮੂਨੇ ਦੇ ਅੰਕੜਿਆਂ ਦੀ ਪੂਰੀ ਵਰਤੋਂ ਕੀਤੀ ਜਾਂਦੀ। ਅਜਿਹੇ 'ਚ 14 ਰਾਜਾਂ ਦੇ ਸਿਰਫ 23 ਫੀਸਦੀ ਪਰਿਵਾਰਾਂ ਨੂੰ ਹੀ ਰਿਪੋਰਟ 'ਚ ਸ਼ਾਮਲ ਕੀਤਾ ਗਿਆ ਹੈ, ਜੋ ਮੌਤ ਦੇ ਸਹੀ ਅੰਕੜੇ ਜਾਰੀ ਨਹੀਂ ਕਰਦੇ।
ਮੰਤਰਾਲੇ ਨੇ ਰਿਪੋਰਟ ਬਾਰੇ ਕੀ ਕਿਹਾ?
ਸਿਹਤ ਮੰਤਰਾਲੇ ਨੇ ਵੀ ਰਿਪੋਰਟ ਵਿੱਚ ਪੱਖਪਾਤ ਦੀ ਆਲੋਚਨਾ ਕੀਤੀ ਹੈ। ਕਿਉਂਕਿ ਇਸ ਦਾ ਡੇਟਾ ਕੋਵਿਡ -19 ਮਹਾਂਮਾਰੀ ਦੇ ਸਿਖਰ ਦੌਰਾਨ ਲਿਆ ਗਿਆ ਸੀ। ਮੰਤਰਾਲੇ ਨੇ ਕਿਹਾ ਕਿ ਭਾਰਤ 'ਚ ਸਿਵਲ ਰਜਿਸਟ੍ਰੇਸ਼ਨ ਪ੍ਰਣਾਲੀ ਮਜ਼ਬੂਤ ਹੈ, ਜਿਸ ਮੁਤਾਬਕ 99 ਫੀਸਦੀ ਮੌਤਾਂ ਦਰਜ ਕੀਤੀਆਂ ਜਾਂਦੀਆਂ ਹਨ। ਸਰਕਾਰ ਨੇ ਕਿਹਾ ਕਿ 2019 ਦੇ ਮੁਕਾਬਲੇ ਮੌਤ ਦੀ ਰਜਿਸਟ੍ਰੇਸ਼ਨ ਵਿੱਚ ਲਗਭਗ 4 ਲੱਖ 74 ਹਜ਼ਾਰ ਦਾ ਵਾਧਾ ਦਰਜ ਕੀਤਾ ਗਿਆ ਹੈ। ਅਜਿਹੀ ਸਥਿਤੀ ਵਿੱਚ, ਇਹ ਵਾਧਾ ਸਿਰਫ ਮਹਾਂਮਾਰੀ ਕਾਰਨ ਨਹੀਂ ਹੈ, ਬਲਕਿ ਪਿਛਲੇ ਸਾਲਾਂ ਦੇ ਬਰਾਬਰ ਹੀ ਹੈ।