Coronavirus Cases Today: ਦੇਸ਼ ਵਿੱਚ ਕੋਰੋਨਾ ਦਮ ਤੋੜਨ ਲੱਗਾ ਹੈ। ਨਵੇਂ ਕੇਸਾਂ ਦਾ ਅੰਕੜਾ ਲਗਾਤਾਰ ਹੇਠਾਂ ਆ ਰਿਹਾ ਹੈ। ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 7 ਹਜ਼ਾਰ 579 ਨਵੇਂ ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਹੀ 236 ਲੋਕਾਂ ਦੀ ਮੌਤ ਹੋ ਗਈ। ਅਹਿਮ ਗੱਲ ਇਹ ਹੈ ਕਿ 543 ਦਿਨਾਂ ਬਾਅਦ ਦੇਸ਼ ਵਿੱਚ ਇੰਨੇ ਘੱਟ ਕੇਸ ਦਰਜ ਹੋਏ ਹਨ। ਹੁਣ ਦੇਸ਼ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਇੱਕ ਲੱਖ 13 ਹਜ਼ਾਰ 584 ਹੈ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਦੇਸ਼ ਵਿੱਚ ਬੀਤੇ ਦਿਨ 12 ਹਜ਼ਾਰ 202 ਲੋਕ ਕੋਰੋਨਾ ਤੋਂ ਠੀਕ ਹੋਏ। ਇਸ ਦੇ ਨਾਲ ਹੀ ਇਸ ਮਹਾਮਾਰੀ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ 4 ਲੱਖ 66 ਹਜ਼ਾਰ 147 ਹੋ ਗਈ ਹੈ। ਅੰਕੜਿਆਂ ਅਨੁਸਾਰ ਹੁਣ ਤੱਕ 3 ਕਰੋੜ 39 ਲੱਖ 46 ਹਜ਼ਾਰ 749 ਲੋਕ ਸੰਕਰਮਣ ਮੁਕਤ ਹੋ ਚੁੱਕੇ ਹਨ।

ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ ਐਂਟੀ-ਕੋਰੋਨਾਵਾਇਰਸ ਵੈਕਸੀਨ ਦੀਆਂ 117 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਕੱਲ੍ਹ 71 ਲੱਖ 92 ਹਜ਼ਾਰ 154 ਡੋਜ਼ਾਂ ਦਿੱਤੀਆਂ ਗਈਆਂ ਸਨ, ਜਿਸ ਤੋਂ ਬਾਅਦ ਹੁਣ ਤੱਕ ਟੀਕੇ ਦੀਆਂ 117 ਕਰੋੜ 63 ਲੱਖ 73 ਹਜ਼ਾਰ 499 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।

ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਨੇ ਜਾਣਕਾਰੀ ਦਿੱਤੀ ਹੈ ਕਿ 22 ਨਵੰਬਰ ਤੱਕ ਦੇਸ਼ ਭਰ ਵਿੱਚ ਕੋਵਿਡ-19 ਦੇ 63 ਕਰੋੜ 34 ਲੱਖ 89 ਹਜ਼ਾਰ 239 ਨਮੂਨਿਆਂ ਦੀ ਜਾਂਚ ਕੀਤੀ ਗਈ ਸੀ, ਜਿਨ੍ਹਾਂ ਵਿੱਚੋਂ ਕੱਲ੍ਹ 9 ਲੱਖ 64 ਹਜ਼ਾਰ 980 ਨਮੂਨਿਆਂ ਦੀ ਜਾਂਚ ਕੀਤੀ ਗਈ ਸੀ।