ਨਵੀਂ ਦਿੱਲੀ: ਤਬਲੀਗੀ ਜਮਾਤ (Tablighi Jamaat) ਦੇ 10 ਮੈਂਬਰਾਂ ਨੇ ਅੱਗੇ ਆ ਕੇ ਦਿੱਲੀ ‘ਚ ਕੋਵਿਡ-19 (Covid-19) ਦੇ ਗੰਭੀਰ ਮਰੀਜ਼ਾਂ ਦੇ ਇਲਾਜ ਲਈ ਆਪਣਾ ਪਲਾਜ਼ਮਾ ਦਾਨ (donate plasma) ਕੀਤਾ ਹੈ। ਜਮਾਤ ਦੇ ਇਹ ਮੈਂਬਰ ਨਿਜ਼ਾਮੂਦੀਨ ਜਲੂਸ ‘ਚ ਸ਼ਾਮਲ ਸੀ ਤੇ ਜਾਂਚ ਦੌਰਾਨ ਇਹ ਪੁਸ਼ਟੀ ਕੀਤੀ ਗਈ ਕਿ ਉਹ ਕੋਰੋਨਾਵਾਇਰਸ ਨਾਲ ਸੰਕਰਮਿਤ ਸੀ।


ਸੂਤਰਾਂ ਨੇ ਦੱਸਿਆ ਕਿ ਜਮਾਤ ਦੇ ਮੈਂਬਰ ਜਿਨ੍ਹਾਂ ਨੇ ਆਪਣਾ ਪਲਾਜ਼ਮਾ ਦਾਨ ਕੀਤਾ ਸੀ, ਉਨ੍ਹਾਂ ਦਾ ਇਲਾਜ ਸੁਲਤਾਨਪੁਰੀ ਤੇ ਨਰੇਲਾ ਕੁਆਰੰਟੀਨ ਸੈਂਟਰ ਸੈਂਟਰਾਂ ਵਿੱਚ ਕੀਤਾ ਗਿਆ, ਜਿਸ ਤੋਂ ਬਾਅਦ ਉਹ ਠੀਕ ਹੋ ਗਏ। ਸੂਤਰਾਂ ਮੁਤਾਬਕ, ਬਹੁਤ ਸਾਰੇ ਹੋਰਾਂ ਨੇ ਆਪਣੇ ਪਲਾਜ਼ਮਾ ਦਾਨ ਕਰਨ ਦੀ ਇੱਛਾ ਜਤਾਈ ਹੈ।

ਸੂਤਰਾਂ ਨੇ ਦੱਸਿਆ ਕਿ ਤਬਲੀਗੀ ਜਮਾਤ ਦੇ ਬਹੁਤ ਸਾਰੇ ਮੈਂਬਰਾਂ ਨੇ ਵੱਖ-ਵੱਖ ਕੁਆਰੰਟੀਨ ਸੈਂਟਰਾਂ ‘ਚ ਆਪਣਾ ਪਲਾਜ਼ਮਾ ਦਾਨ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਇਸ ਤੋਂ ਪਹਿਲਾਂ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਿਛਲੇ ਹਫ਼ਤੇ ਕੋਵਿਡ-19 ਬਿਮਾਰੀ ਤੋਂ ਠੀਕ ਹੋਏ ਲੋਕਾਂ ਨੂੰ ਪਲਾਜ਼ਮਾ ਦਾਨ ਕਰਨ ਦੀ ਅਪੀਲ ਕੀਤੀ ਸੀ।

ਸੁਲਤਾਨਪੁਰੀ ਤੇ ਨਰੇਲਾ ਦੇ ਕੁਆਰੰਟੀਨ ਸੈਂਟਰ ਵਿਖੇ ਐਤਵਾਰ ਸ਼ਾਮ ਨੂੰ ਇਫਤਾਰ ਤੋਂ ਬਾਅਦ, ਦਾਨ ਕਰਨ ਵਾਲਿਆਂ ਦੇ ਖੂਨ ਤੋਂ ਪਲਾਜ਼ਮਾ ਲੈਣ ਦੀ ਪ੍ਰਕਿਰਿਆ ਦਿੱਲੀ ਦੇ ਸਰਕਾਰੀ ਹਸਪਤਾਲ ਤੇ ਨਿੱਜੀ ਹਸਪਤਾਲ ਦੇ ਡਾਕਟਰਾਂ ਦੀ ਨਿਗਰਾਨੀ ਹੇਠ ਸ਼ੁਰੂ ਹੋਈ।