India Corona Updates: ਕੋਰੋਨਾ ਦੇ ਮੋਰਚੇ 'ਤੇ ਖੁਸ਼ਖਬਰੀ ਹੈ। ਦੂਜੀ ਲਹਿਰ ਦੇ ਫੈਲਣ ਤੋਂ ਬਾਅਦ ਲਗਾਤਾਰ ਦੂਜੇ ਦਿਨ ਦੇਸ਼ 'ਚ ਕੋਰੋਨਾ ਦੇ 20 ਹਜ਼ਾਰ ਤੋਂ ਘੱਟ ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਵੀ ਸਭ ਤੋਂ ਵੱਧ ਮਾਮਲੇ ਦੱਖਣੀ ਸੂਬੇ ਕੇਰਲ ਤੋਂ ਆ ਰਹੇ ਹਨ। ਸਿਹਤ ਮੰਤਰਾਲੇ ਵੱਲੋਂ ਬੁੱਧਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ 'ਚ 18,870 ਨਵੇਂ ਕੋਰੋਨਾ ਕੇਸ ਆਏ ਤੇ 378 ਕੋਰੋਨਾ ਪੀੜਤ ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ। ਇਸ ਦੇ ਨਾਲ ਹੀ 24 ਘੰਟਿਆਂ 'ਚ 2148 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ, ਮਤਲਬ 2,272 ਐਕਟਿਵ ਮਾਮਲਿਆਂ 'ਚ ਕਮੀ ਆਈ ਹੈ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਕੋਰੋਨਾ ਦੇ 18 ਹਜ਼ਾਰ 795 ਨਵੇਂ ਮਾਮਲੇ ਸਾਹਮਣੇ ਆਏ ਸਨ ਤੇ 179 ਲੋਕਾਂ ਦੀ ਮੌਤ ਹੋ ਗਈ ਸੀ। 201 ਦਿਨਾਂ ਬਾਅਦ ਮੰਗਲਵਾਰ ਨੂੰ ਕੋਰੋਨਾ ਦੇ ਨਵੇਂ ਮਾਮਲਿਆਂ ਦੀ ਗਿਣਤੀ 20 ਹਜ਼ਾਰ ਤੋਂ ਘੱਟ ਸੀ। ਜਾਣੋ ਅੱਜ ਦੇਸ਼ 'ਚ ਕੋਰੋਨਾ ਦੀ ਤਾਜ਼ਾ ਸਥਿਤੀ ਕੀ ਹੈ?
ਕੇਰਲ 'ਚ 11,196 ਨਵੇਂ ਮਾਮਲੇ ਸਾਹਮਣੇ ਆਏ, 149 ਮਰੀਜ਼ਾਂ ਦੀ ਮੌਤ
ਕੇਰਲ 'ਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਸੰਕਰਮਣ ਦੇ 11,196 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 46,52,810 ਹੋ ਗਈ। ਇਸ ਤੋਂ ਇਲਾਵਾ 149 ਮਰੀਜ਼ਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ 24,810 ਤਕ ਪਹੁੰਚ ਗਈ ਹੈ। ਸੋਮਵਾਰ ਤੋਂ 18,849 ਲੋਕਾਂ ਦੇ ਕੋਰੋਨਾ ਲਾਗ ਤੋਂ ਠੀਕ ਹੋਣ ਤੋਂ ਬਾਅਦ ਠੀਕ ਹੋਏ ਲੋਕਾਂ ਦੀ ਕੁੱਲ ਗਿਣਤੀ 44,78,042 ਹੋ ਗਈ ਹੈ।
ਕੇਰਲ 'ਚ ਐਕਟਿਵ ਮਰੀਜ਼ਾਂ ਦੀ ਗਿਣਤੀ 1,49,356 ਹੈ। ਪਿਛਲੇ 24 ਘੰਟਿਆਂ 'ਚ ਲਗਭਗ 96,436 ਕੋਵਿਡ-19 ਟੈਸਟ ਕੀਤੇ ਗਏ। 14 ਜ਼ਿਲ੍ਹਿਆਂ ਵਿੱਚੋਂ ਤਿਰੂਵਨੰਤਪੁਰਮ ਵਿੱਚ ਸਭ ਤੋਂ ਵੱਧ 1339 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਕੋਲਮ 'ਚ 1273, ਤ੍ਰਿਸ਼ੂਰ ਵਿੱਚ 1271, ਏਰਨਾਕੁਲਮ ਵਿੱਚ 1132, ਮਲੱਪਪੁਰਮ ਵਿੱਚ 1061 ਅਤੇ ਕੋਝੀਕੋਡ ਵਿੱਚ 908 ਲੋਕ ਸੰਕਰਮਿਤ ਪਾਏ ਗਏ ਹਨ।
ਦੇਸ਼ ਭਰ 'ਚ ਕੋਰੋਨਾ ਲਾਗ ਦੀ ਸਥਿਤੀ
ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਹੁਣ ਤਕ ਕੁਲ 3 ਕਰੋੜ 35 ਲੱਖ 63 ਹਜ਼ਾਰ ਲੋਕ ਸੰਕਰਮਿਤ ਹੋਏ ਹਨ। ਇਨ੍ਹਾਂ ਵਿੱਚੋਂ 4 ਲੱਖ 46 ਹਜ਼ਾਰ 50 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰਾਹਤ ਵਾਲੀ ਗੱਲ ਇਹ ਹੈ ਕਿ ਹੁਣ ਤਕ 3 ਕਰੋੜ 28 ਲੱਖ 15 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ। ਦੇਸ਼ 'ਚ ਕੋਰੋਨਾ ਐਕਟਿਵ ਕੇਸਾਂ ਦੀ ਗਿਣਤੀ ਲਗਭਗ ਤਿੰਨ ਲੱਖ ਹੈ। ਕੁੱਲ 3 ਲੱਖ 1 ਹਜ਼ਾਰ 640 ਲੋਕ ਅਜੇ ਵੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਕੋਰੋਨਾ ਦੇ ਕੁੱਲ ਮਾਮਲੇ - 3 ਕਰੋੜ 35 ਲੱਖ 63 ਹਜ਼ਾਰ 421
ਕੁੱਲ ਠੀਕ ਹੋਏ ਲੋਕ - 3 ਕਰੋੜ 28 ਲੱਖ 15 ਹਜ਼ਾਰ 731
ਕੁੱਲ ਸਰਗਰਮ ਮਾਮਲੇ - 3 ਲੱਖ 1 ਹਜ਼ਾਰ 640
ਕੁੱਲ ਮੌਤ- ਚਾਰ ਲੱਖ 46 ਹਜ਼ਾਰ 50
ਕੁੱਲ ਟੀਕਾਕਰਨ - 83 ਕਰੋੜ 39 ਲੱਖ 90 ਹਜ਼ਾਰ ਖੁਰਾਕਾਂ ਦਿੱਤੀਆਂ ਗਈਆਂ