ਨਵੀਂ ਦਿੱਲੀ: ਦੋ ਦਿਨਾਂ ਬਾਅਦ ਮਤਲਬ 1 ਅਕਤੂਬਰ 2021 ਤੋਂ 5 ਨਿਯਮਾਂ 'ਚ ਬਦਲਾਅ ਹੋਣ ਜਾ ਰਹੇ ਹਨ। ਇਸ ਦਾ ਸਿੱਧਾ ਅਸਰ ਤੁਹਾਡੀ ਰੋਜ਼ਾਨਾ ਦੀ ਜ਼ਿੰਦਗੀ 'ਤੇ ਪਵੇਗਾ। ਇਨ੍ਹਾਂ ਨਵੇਂ ਨਿਯਮਾਂ ਦੇ ਲਾਗੂ ਹੋਣ ਨਾਲ ਵਿੱਤੀ, ਬੈਂਕਿੰਗ ਤੇ ਸ਼ੇਅਰ ਬਾਜ਼ਾਰ ਨਾਲ ਜੁੜੇ ਤੁਹਾਡੇ ਕੰਮ ਕਰਨ ਦੇ ਤਰੀਕੇ ਵੀ ਬਦਲ ਜਾਣਗੇ। ਪੈਨਸ਼ਨ ਜਾਰੀ ਰੱਖਣ ਲਈ 80 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਪੈਨਸ਼ਨਰਾਂ ਨੂੰ ਜਿਉਂਦੇ ਰਹਿਣ ਦਾ ਸਬੂਤ ਪੇਸ਼ ਕਰਨਾ ਪਵੇਗਾ। ਇਸ ਦੇ ਨਾਲ ਹੀ ਬੈਂਕਾਂ ਤੇ ਹੋਰ ਵਿੱਤੀ ਸੰਸਥਾਵਾਂ ਨੂੰ ਹੁਣ ਆਟੋ ਡੈਬਿਟ ਲਈ ਗਾਹਕਾਂ ਦੀ ਮਨਜ਼ੂਰੀ ਲੈਣੀ ਪਵੇਗੀ।


1. ਪੈਨਸ਼ਨ: ਜਮ੍ਹਾਂ ਕਰਵਾਉਣਾ ਪਵੇਗਾ ਲਾਈਫ਼ ਸਰਟੀਫਿਕੇਟ


1 ਅਕਤੂਬਰ ਤੋਂ 80 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਪੈਨਸ਼ਨਰਾਂ ਨੂੰ ਡਿਜ਼ੀਟਲ ਜੀਵਨ ਸਰਟੀਫਿਕੇਟ ਜਮ੍ਹਾਂ ਕਰਾਉਣ ਦੀ ਸਹੂਲਤ ਮਿਲੇਗੀ। ਇਸ ਦੇ ਲਈ 30 ਨਵੰਬਰ 2021 ਤਕ ਦਾ ਸਮਾਂ ਦਿੱਤਾ ਗਿਆ ਹੈ। ਇਹ ਸਰਟੀਫਿਕੇਟ ਦੇਸ਼ ਦੇ ਸਬੰਧਤ ਡਾਕਘਰਾਂ ਦੇ ਸਰਟੀਫਿਕੇਟ ਕੇਂਦਰਾਂ 'ਚ ਜਮ੍ਹਾਂ ਕਰਵਾਉਣਾ ਹੋਵੇਗਾ। ਜੀਵਨ ਸਰਟੀਫਿਕੇਟ ਪੈਨਸ਼ਨਰ ਦੇ ਜਿਊਂਦਾ ਹੋਣ ਦਾ ਸਬੂਤ ਹੁੰਦਾ ਹੈ। ਪੈਨਸ਼ਨ ਜਾਰੀ ਰੱਖਣ ਲਈ ਇਸ ਸਰਟੀਫਿਕੇਟ ਨੂੰ ਹਰ ਸਾਲ ਬੈਂਕ ਜਾਂ ਵਿੱਤੀ ਸੰਸਥਾ 'ਚ ਜਮ੍ਹਾਂ ਕਰਵਾਉਣਾ ਪੈਂਦਾ ਹੈ, ਜਿੱਥੇ ਪੈਨਸ਼ਨ ਆਉਂਦੀ ਹੈ।


2. ਆਟੋ ਡੈਬਿਟ : ਗਾਹਕ ਦੀ ਮਨਜ਼ੂਰੀ ਜ਼ਰੂਰੀ


ਨਵਾਂ ਨਿਯਮ ਡੈਬਿਟ/ਕ੍ਰੈਡਿਟ ਕਾਰਡਾਂ ਰਾਹੀਂ ਆਟੋ ਡੈਬਿਟ ਲਈ ਲਾਗੂ ਹੈ। ਆਰਬੀਆਈ ਦੇ ਆਦੇਸ਼ ਅਨੁਸਾਰ 1 ਅਕਤੂਬਰ, 2021 ਤੋਂ ਬੈਂਕਾਂ ਤੇ ਹੋਰ ਵਿੱਤੀ ਸੰਸਥਾਵਾਂ ਨੂੰ ਡੈਬਿਟ/ਕ੍ਰੈਡਿਟ ਕਾਰਡਾਂ ਜਾਂ ਮੋਬਾਈਲ ਵਾਲਿਟਸ 'ਤੇ 5000 ਰੁਪਏ ਤੋਂ ਵੱਧ ਦੇ ਆਟੋ ਡੈਬਿਟ ਲਈ ਗਾਹਕਾਂ ਤੋਂ ਐਡੀਸ਼ਨਲ ਫੈਕਟਰ ਆਥੈਂਟਿਕੇਸ਼ਨ ਦੀ ਮੰਗ ਕਰਨੀ ਹੋਵੇਗੀ। ਇਸ ਦੇ ਤਹਿਤ ਡੈਬਿਟ/ਕ੍ਰੈਡਿਟ ਕਾਰਡ ਜਾਂ ਮੋਬਾਈਲ ਵਾਲੇਟ ਤੋਂ ਆਟੋ ਡੈਬਿਟ ਉਦੋਂ ਤਕ ਨਹੀਂ ਹੋਵੇਗਾ ਜਦੋਂ ਤਕ ਗਾਹਕ ਆਪਣੀ ਮਨਜ਼ੂਰੀ ਨਹੀਂ ਦਿੰਦਾ। ਮਨਜ਼ੂਰੀ ਲਈ ਬੈਂਕਾਂ ਜਾਂ ਵਿੱਤੀ ਸੰਸਥਾਵਾਂ ਨੂੰ ਆਟੋ ਡੈਬਿਟ ਦਾ ਸੰਦੇਸ਼ ਗਾਹਕਾਂ ਨੂੰ 24 ਘੰਟੇ ਪਹਿਲਾਂ ਭੇਜਣਾ ਹੋਵੇਗਾ। ਜੇਕਰ ਆਟੋ ਡੈਬਿਟ ਸਿੱਧਾ ਬੈਂਕ ਖਾਤੇ ਤੋਂ ਕੀਤਾ ਜਾਂਦਾ ਹੈ ਤਾਂ ਨਵੇਂ ਨਿਯਮ ਦਾ ਕੋਈ ਅਸਰ ਨਹੀਂ ਹੋਵੇਗਾ।


3. ਚੈੱਕਬੁੱਕ ਬੰਦ: ਤਿੰਨ ਬੈਂਕਾਂ ਦੇ ਗਾਹਕਾਂ 'ਤੇ ਅਸਰ


ਦੋ ਦਿਨ ਬਾਅਦ ਤਿੰਨ ਬੈਂਕ ਓਰੀਐਂਟਲ ਬੈਂਕ ਆਫ਼ ਕਾਮਰਸ, ਯੂਨਾਈਟਿਡ ਬੈਂਕ ਆਫ਼ ਇੰਡੀਆ ਤੇ ਇਲਾਹਾਬਾਦ ਬੈਂਕ ਦੀ ਪੁਰਾਣੀ ਚੈਕਬੁੱਕ, ਐਮਆਈਸੀਆਰ (ਮੈਗਨੈਟਿਕ ਇੰਕ ਕਰੈਕਟਰ ਰੀਕੋਗਨੀਸ਼ਨ) ਤੇ ਆਈਐਫਐਸ (ਇੰਡੀਅਨ ਫਾਈਨੈਂਸ਼ੀਅਲ ਸਿਸਟਮ) ਕੋਡ ਗ਼ੈਰ-ਮਾਨਤਾ ਪ੍ਰਾਪਤ ਹੋ ਜਾਣਗੇ। ਇਲਾਹਾਬਾਦ ਬੈਂਕ ਨੂੰ 1 ਅਪ੍ਰੈਲ 2020 ਨੂੰ ਇੰਡੀਅਨ ਬੈਂਕ 'ਚ ਮਿਲਾ ਦਿੱਤਾ ਗਿਆ ਹੈ। ਓਰੀਐਂਟਲ ਬੈਂਕ ਆਫ਼ ਕਾਮਰਸ ਤੇ ਯੂਨਾਈਟਿਡ ਬੈਂਕ ਆਫ਼ ਇੰਡੀਆ ਦਾ ਪੰਜਾਬ ਨੈਸ਼ਨਲ ਬੈਂਕ 'ਚ ਰਲੇਵਾਂ ਹੋ ਗਿਆ ਹੈ। ਇਨ੍ਹਾਂ ਤਿੰਨਾਂ ਪੁਰਾਣੇ ਬੈਂਕਾਂ ਦੇ ਗਾਹਕਾਂ ਨੂੰ 30 ਸਤੰਬਰ ਤਕ ਨਵੀਂ ਚੈੱਕਬੁੱਕ ਪ੍ਰਾਪਤ ਕਰਨ ਲਈ ਕਿਹਾ ਗਿਆ ਹੈ।


4. ਤਨਖਾਹ ਦਾ 10% ਨਿਵੇਸ਼ ਜ਼ਰੂਰੀ


ਅਸੈਟ ਮੈਨੇਜ਼ਮੈਂਟ ਕੰਪਨੀਆਂ 'ਚ ਕੰਮ ਕਰਨ ਵਾਲੇ ਜੂਨੀਅਰ ਕਰਮਚਾਰੀਆਂ ਨੂੰ ਆਪਣੀ ਕੁੱਲ ਤਨਖਾਹ ਦਾ 10 ਫ਼ੀਸਦੀ ਹਿੱਸਾ ਮਿਊਚੁਅਲ ਫੰਡ ਯੂਨਿਟ 'ਚ ਨਿਵੇਸ਼ ਕਰਨਾ ਹੋਵੇਗਾ। ਐਕਸਚੇਂਜ ਐਂਡ ਸਕਿਓਰਿਟੀਜ਼ ਬੋਰਡ ਆਫ਼ ਇੰਡੀਆ (ਸੇਬੀ) ਦਾ ਇਸ ਸਬੰਧ 'ਚ ਨਵਾਂ ਨਿਯਮ 1 ਅਕਤੂਬਰ 2021 ਤੋਂ ਲਾਗੂ ਹੋ ਰਿਹਾ ਹੈ। ਅਕਤੂਬਰ 2023 ਤੋਂ ਨਿਵੇਸ਼ ਦੀ ਮਾਤਰਾ ਨੂੰ 10 ਫ਼ੀਸਦੀ ਤੋਂ ਵਧਾ ਕੇ 20 ਫ਼ੀਸਦੀ ਕਰ ਦਿੱਤਾ ਜਾਵੇਗਾ।


ਡੀਮੈਟ ਤੇ ਟ੍ਰੇਡਿੰਗ ਖਾਤਾ ਖੋਲ੍ਹਣ ਲਈ ਨਿਵੇਸ਼ਕ ਨੂੰ ਹੁਣ 1 ਅਕਤੂਬਰ ਤੋਂ ਨਾਮਜ਼ਦਗੀ ਦੀ ਜਾਣਕਾਰੀ ਵੀ ਦੇਣੀ ਹੋਵੇਗੀ। ਜੇ ਕੋਈ ਇਹ ਜਾਣਕਾਰੀ ਨਹੀਂ ਦੇਣਾ ਚਾਹੁੰਦਾ ਹੈ ਤਾਂ ਉਸ ਨੂੰ ਇਸ ਸਬੰਧੀ ਘੋਸ਼ਣਾ ਪੱਤਰ ਭਰ ਕੇ ਦੱਸਣਾ ਪਵੇਗਾ।


ਮਾਰਕੀਟ ਰੈਗੂਲੇਟਰ ਨੇ ਡੀਮੈਟ ਤੇ ਟ੍ਰੇਡਿੰਗ ਖਾਤਾ ਧਾਰਕਾਂ ਨੂੰ ਕੇਵਾਈਸੀ ਨਾਲ ਜੁੜੀ ਜਾਣਕਾਰੀ ਨੂੰ ਅਪਡੇਟ ਕਰਨ ਲਈ 30 ਸਤੰਬਰ 2021 ਤਕ ਦਾ ਸਮਾਂ ਦਿੱਤਾ ਹੈ। ਜੇ ਅਪਡੇਟ ਨਹੀਂ ਕੀਤਾ ਗਿਆ ਤਾਂ ਖਾਤਾ 1 ਅਕਤੂਬਰ ਤੋਂ ਡੀਐਕਟਿਵ ਹੋ ਜਾਵੇਗਾ ਅਤੇ ਖਾਤਾ ਧਾਰਕ ਸ਼ੇਅਰ ਬਾਜ਼ਾਰ 'ਚ ਵਪਾਰ ਨਹੀਂ ਕਰ ਸਕੇਗਾ।


5. ਦਿੱਲੀ : ਨਿੱਜੀ ਸ਼ਰਾਬ ਦੀਆਂ ਦੁਕਾਨਾਂ ਨਹੀਂ ਖੁੱਲ੍ਹਣਗੀਆਂ


1 ਅਕਤੂਬਰ ਤੋਂ 16 ਨਵੰਬਰ 2021 ਤਕ ਦਿੱਲੀ 'ਚ ਪ੍ਰਾਈਵੇਟ ਸ਼ਰਾਬ ਦੀਆਂ ਦੁਕਾਨਾਂ ਨਹੀਂ ਖੁੱਲਣਗੀਆਂ। ਨਵਾਂ ਨਿਯਮ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਆਬਕਾਰੀ ਨੀਤੀ ਦੇ ਤਹਿਤ ਲਾਗੂ ਹੋਣ ਜਾ ਰਿਹਾ ਹੈ। ਇਸ ਦੌਰਾਨ ਸਿਰਫ਼ ਸਰਕਾਰੀ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਪ੍ਰਾਈਵੇਟ ਸ਼ਰਾਬ ਦੀਆਂ ਦੁਕਾਨਾਂ 17 ਨਵੰਬਰ 2021 ਤੋਂ ਦੁਬਾਰਾ ਖੁੱਲ੍ਹਣਗੀਆਂ।