ਕੋਟਾਯੱਮ: ਨਨ ਨਾਲ ਬਲਾਤਕਾਰ ਦੇ ਇਲਜ਼ਾਮਾਂ ਵਿੱਚ ਘਿਰੇ ਜਲੰਧਰ ਡਾਇਓਸਿਸ ਦੇ ਬਿਸ਼ਪ ਫਰੈਂਕੋ ਮੁਲੱਕਲ ਨੂੰ ਅਦਾਲਤ ਦਾ ਝਟਕਾ ਮਿਲਿਆ ਹੈ। 54 ਸਾਲਾ ਪਾਦਰੀ ਦੀ ਜ਼ਮਾਨਤ ਅਰਜ਼ੀ ਨੂੰ ਪਾਲਾ ਅਦਾਲਤ ਨੇ ਖਾਰਜ ਕਰ ਦਿੱਤਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਮੁਲੱਕਲ ਨੂੰ ਦੋ ਦਿਨਾਂ ਲਈ ਪੁਲੀਸ ਹਿਰਾਸਤ ’ਚ ਭੇਜ ਦਿੱਤਾ ਹੈ।


ਬਿਸ਼ਪ ਨੂੰ ਸ਼ਨੀਵਾਰ ਨੂੰ ਦੁਪਹਿਰ ਸਮੇਂ ਸਖ਼ਤ ਸੁਰੱਖਿਆ ਹੇਠ ਮੈਜਿਸਟਰੇਟ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਉਸ ਦੇ ਵਕੀਲਾਂ ਨੇ ਅਰਜ਼ੀ ਦਿੰਦਿਆਂ ਕਿਹਾ ਕਿ ਪਾਦਰੀ ਨੂੰ ਜਾਂਚ ਟੀਮ ਨੇ ਤਿੰਨ ਦਿਨਾਂ ਤਕ ਪੁੱਛਗਿੱਛ ਮਗਰੋਂ ਗ੍ਰਿਫ਼ਤਾਰ ਕੀਤਾ ਹੈ। ਅਰਜ਼ੀ ਦਾ ਵਿਰੋਧ ਕਰਦਿਆਂ ਪੁਲੀਸ ਨੇ ਮਾਮਲੇ ਦੀ ਜਾਂਚ ਨੂੰ ਸਿਰੇ ਲਾਉਣ ਲਈ ਉਸ ਦੀ ਤਿੰਨ ਦਿਨਾਂ ਦੀ ਹਿਰਾਸਤ ਮੰਗੀ। ਇਸ ਮਗਰੋਂ ਮੈਜਿਸਟਰੇਟ ਨੇ ਮੁਲੱਕਲ ਨੂੰ ਸੋਮਵਾਰ ਢਾਈ ਵਜੇ ਤਕ ਲਈ ਪੁਲੀਸ ਹਵਾਲੇ ਕਰ ਦਿੱਤਾ।

ਇਸ ਤੋਂ ਪਹਿਲਾਂ ਮੁਲੱਕਲ ਨੂੰ ਇਥੋਂ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ ਜਿਥੇ ਉਸ ਨੂੰ ਛਾਤੀ ’ਚ ਦਰਦ ਦੀ ਸ਼ਿਕਾਇਤ ਮਗਰੋਂ ਸ਼ੁੱਕਰਵਾਰ ਰਾਤ ਨੂੰ ਦਾਖ਼ਲ ਕਰਵਾਇਆ ਗਿਆ ਸੀ। ਜਦੋਂ ਉਸ ਨੂੰ ਅਪਰਾਧ ਸ਼ਾਖਾ ਤੋਂ ਕੋਟਾਯੱਮ ਪੁਲੀਸ ਕਲੱਬ ’ਚ ਲਿਆਂਦਾ ਜਾ ਰਿਹਾ ਸੀ ਤਾਂ ਉਸ ਨੇ ਛਾਤੀ ’ਚ ਦਰਦ ਦੀ ਸ਼ਿਕਾਇਤ ਕੀਤੀ ਸੀ।

ਜ਼ਿਕਰਯੋਗ ਹੈ ਕਿ ਸਾਧਵੀ ਨੇ ਕੋਟਾਯੱਮ ਪੁਲੀਸ ਨੂੰ ਜੂਨ ’ਚ ਸ਼ਿਕਾਇਤ ਦਿੱਤੀ ਸੀ ਕਿ ਪਾਦਰੀ ਮੁਲੱਕਲ ਨੇ ਉਸ ਨਾਲ ਮਈ 2014 ’ਚ ਇੱਕ ਗੈਸਟ ਹਾਊਸ ਅੰਦਰ ਕਥਿਤ ਤੌਰ ’ਤੇ ਬਲਾਤਕਾਰ ਕੀਤਾ ਸੀ ਅਤੇ ਇਸ ਮਗਰੋਂ ਕਈ ਵਾਰ ਉਸ ਦਾ ਸਰੀਰਕ ਸੋਸ਼ਣ ਕੀਤਾ ਗਿਆ। ਨਨ ਨੇ ਕਿਹਾ ਕਿ ਜਦੋਂ ਚਰਚ ਦੇ ਅਧਿਕਾਰੀਆਂ ਨੇ ਉਸ ਦੀ ਫਰਿਆਦ ਨੂੰ ਕਈ ਵਾਰ ਅਣਗੌਲਿਆ ਕਰ ਦਿੱਤਾ ਤਾਂ ਉਸ ਨੂੰ ਪੁਲੀਸ ਕੋਲ ਆਉਣ ਪਿਆ। ਉੱਧਰ ਬਿਸ਼ਪ ਨੇ ਆਪਣੇ ’ਤੇ ਲੱਗੇ ਸਾਰੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ।