ਨਵੀਂ ਦਿੱਲੀ: ਰਾਫੇਲ ਸੌਦੇ ਸਬੰਧੀ ਦੇਸ਼ ਦੀ ਸਿਆਸਤ ਵਿੱਚ ਜਿਵੇਂ ਭੂਚਾਲ ਹੀ ਆ ਗਿਆ ਹੈ। ਫਰਾਂਸ ਦੇ ਸਾਬਕਾ ਰਾਸ਼ਟਰਪਤੀ ਦੇ ਬਿਆਨ ਬਾਅਦ ਕਾਂਗਰਸ ਲਗਾਤਾਰ ਪੀਐਮ ਮੋਦੀ ’ਤੇ ਘਪਲੇ ਦਾ ਇਲਜ਼ਾਮ ਲਾ ਰਹੀ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਦੇ ਬਿਆਨ ਦਾ ਸਾਫ ਮਤਲਬ ਹੈ ਕਿ ਪੀਐਮ ਮੋਦੀ ਨੇ ਰਾਫੇਲ ਡੀਲ ਵਿੱਚ ਘਪਲਾ ਤੇ ਚੋਰੀ ਕੀਤਾ ਹੈ। ਉਨ੍ਹਾਂ ਦੇ ਇਸ ਬਿਆਨ ’ਤੇ ਬੀਜੇਪੀ ਨੇ ਪਲਟਵਾਰ ਕਰਦਿਆਂ ਕਿਹਾ ਹੈ ਕਿ ਰਾਫੇਲ ਡੀਲ ਸਬੰਧੀ ਕਾਂਗਰਸ ਦੇ ਸਾਰੇ ਇਲਜ਼ਾਮ ਸਰਾਸਰ ਗ਼ਲਤ ਹਨ। ਸੌਦੇ ਲਈ ਰਿਲਾਇੰਸ ਦਾ ਨਾਂ ਚੁਣਨ ਵਿੱਚ ਸਰਕਾਰ ਦੀ ਕੋਈ ਭੂਮਿਕਾ ਨਹੀਂ ਸੀ। ਬੀਜੇਪੀ ਨੇ ਕਿਹਾ ਕਿ ਰਾਹੁਲ ਗਾਂਧੀ ਇਸ ਡੀਲ ਦੀ ਜਾਣਕਾਰੀ ਜਨਤਕ ਕਰ ਕੇ ਪਾਕਿਸਤਾਨ ਦੀ ਮਦਦ ਕਰਨਾ ਚਾਹੁੰਦੇ ਹਨ।



ਬੀਜੇਪੀ ਵੱਲੋਂ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਪ੍ਰੈਸ ਕਾਨਫਰੰਸ ਕਰ ਕੇ ਕਿਹਾ ਕਿ ਰਾਹੁਲ ਗਾਂਧੀ ਦਾ ਬਿਆਨ ਸ਼ਰਮਨਾਕ ਹੈ ਜਿਸਦਾ ਕੋਈ ਪੱਧਰ ਨਹੀਂ। ਰਾਹੁਲ ਨੇ ਈਮਾਨਦਾਰੀ ਦੇ ਪ੍ਰਤੀਕ ਪੀਐਮ ਮੋਦੀ ਨੂੰ ਚੋਰ ਕਿਹਾ ਹੈ। ਆਜ਼ਾਦ ਭਾਰਤ ਵਿੱਚ ਅੱਜ ਤਕ ਕਿਸੇ ਪਾਰਟੀ ਦੇ ਕੌਮੀ ਪ੍ਰਧਾਨ ਨੇ ਅਜਿਹੇ ਸ਼ਬਦਾਂ ਦਾ ਇਸਤੇਮਾਲ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਆਪਣੇ ਪਰਿਵਾਰ ਕਰਕੇ ਕਾਂਗਰਸ ਪ੍ਰਧਾਨ ਬਣੇ ਹਨ ਇਸ ਲਈ ਉਨ੍ਹਾਂ ਤੋਂ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਰਾਹੁਲ ਗਾਂਧੀ ’ਤੇ ਉਨ੍ਹਾਂ ਦੇ ਪਰਿਵਾਰ ’ਤੇ ਵੀ ਕਈ ਇਲਜ਼ਾਮ ਲਾਏ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਭ੍ਰਿਸ਼ਟਾਚਾਰ ਦੀ ਜਨਨੀ ਹੈ।

ਰਾਫੇਲ ਡੀਲ ਸਬੰਦੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪੀਐਮ ਮੋਦੀ ’ਤੇ ਕਰਾਰਾ ਵਾਰ ਕਰਦਿਆਂ ਬੇਹੱਦ ਤਲਖ਼ ਲਹਿਜ਼ੇ ਵਿੱਚ ਕਿਹਾ ਸੀ ਕਿ ਮੋਦੀ ਜੀ ਨੇ ਸਾਫ ਤੌਰ ’ਤੇ ਰਾਫੇਲ ਸੌਦੇ ਵਿੱਚ ਭ੍ਰਿਸ਼ਟਾਚਾਰ ਕੀਤਾ ਹੈ। ਚੋਰੀ ਕੀਤੀ ਹੈ। ਜੋ ਰਾਫੇਲ ਜਹਾਜ਼ ਯੂਪੀਏ ਸਰਕਾਰ ਨੇ 526 ਕਰੋੜ ਵਿੱਚ ਖਰੀਦਿਆ ਸੀ, ਉਹ ਅਨਿਲ ਅੰਬਾਨੀ ਦੀ ਮਦਦ ਕਰਨ ਲਈ 1600 ਕਰੋੜ ਰੁਪਏ ਵਿੱਚ ਖਰੀਦਿਆ ਗਿਆ।

ਉਨ੍ਹਾਂ ਇਲਜ਼ਾਮ ਲਾਇਆ ਕਿ ਓਲਾਂਦ ਨੇ ਦੱਸ ਦਿੱਤਾ ਹੈ ਕਿ ਅਨਿਲ ਅੰਬਾਨੀ ਨੂੰ ਜੋ ਹਜ਼ਾਰਾਂ ਕਰੋੜ ਰੁਪਏ ਦੀ ਕਾਨਟਰੈਕਟ ਮਿਲਿਆ ਹੈ, ਉਹ ਪੀਐਮ ਮੋਦੀ ਦੇ ਕਹਿਣ ’ਤੇ ਦਿੱਤਾ ਗਿਆ ਹੈ। ਇਸਦਾ ਸਾਫ ਮਤਲਬ ਹੈ ਕਿ ਓਲਾਂਦ ਪੀਐਮ ਮੋਦੀ ਨੂੰ ਚੋਰ ਕਹਿ ਰਹੇ ਹਨ ਤੇ ਪੀਐਮ ਮੋਦੀ ਦੇ ਮੂੰਹ ਤੋਂ ਇੱਕ ਸ਼ਬਦ ਨਹੀਂ ਨਿਕਲ ਰਿਹਾ। ਉਨ੍ਹਾਂ ਕਿਹਾ ਸੀ ਕਿ ਪੀਐਮ ਮੋਦੀ ਨੂੰ ਜਵਾਬ ਦੇਣਾ ਚਾਹੀਦਾ ਹੈ, ਨਹੀਂ ਤਾਂ ਦੇਸ਼ ਦੇ ਲੋਕਾਂ ਦੇ ਮਨਾਂ ਵਿੱਚ ਇਹ ਗੱਲ ਬੈਠ ਚੁੱਕੀ ਹੈ ਕਿ ਦੇਸ਼ ਦੀ ਚੌਕੀਦਾਰ ਚੋਰ ਹੈ।