ਨਵੀਂ ਦਿੱਲੀ: ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਭਾਰਤ ਸਰਕਾਰ ਬਾਰੇ ਦਿੱਤੇ ਬਿਆਨ ਦੀ ਨਿੰਦਾ ਕਰਦਿਆਂ ਕਾਂਗਰਸ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਕਾਂਗਰਸ ਦਾ ਕਹਿਣਾ ਹੈ ਕਿ ਇਮਰਾਨ ਪਾਕਿਸਤਾਨੀ ਫ਼ੌਜ ਤੇ ਆਈਐਸਆਈ ਦਾ ਮੁਖੌਟਾ ਹੈ। ਇਮਰਾਨ ਨੂੰ ਭਾਰਤ ਤੇ ਇਸ ਦੇ ਪ੍ਰਧਾਨ ਮੰਤਰੀ ਅਪਸ਼ਬਦ ਕਹਿਣ ਦਾ ਕੋਈ ਅਧਿਕਾਰ ਨਹੀਂ ਹੈ।


ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਮਰਾਨ ਬਾਰੇ ਕਿਹਾ ਕਿ ਛੱਜ ਤਾਂ ਬੋਲੇ, ਛਾਣਨੀ ਕਿਉਂ ਬੋਲੇ। ਜੋ ਅੱਤਵਾਦ ਦਾ ਜਨਮਦਾਤਾ ਹੈ ਉਸ ਪਾਕਿਸਤਾਨ ਨੂੰ ਕੋਈ ਅਧਿਕਾਰ ਨਹੀਂ ਕਿ ਭਾਰਤ ਸਰਕਾਰ ਤੇ ਪ੍ਰਧਾਨ ਮੰਤਰੀ ਬਾਰੇ ਇਤਰਾਜ਼ਯੋਗ ਸ਼ਬਦ ਬੋਲੇ। ਇਹ ਕਦੇ ਸਵੀਕਾਰ ਨਹੀਂ ਕੀਤਾ ਜਾਵੇਗਾ।


ਸੁਰਜੇਵਾਲਾ ਨੇ ਕਿਹਾ ਕਿ ਭਾਰਤ ਇਕ ਅਜਿਹਾ ਦੇਸ਼ ਹੈ ਜਿੱਥੇ ਸ਼ਾਂਤੀ ਤੇ ਭਾਈਚਾਰਕ ਸਾਂਝ ਹੈ ਜਦਕਿ ਪਾਕਿਸਤਾਨ ਨੇ ਹਮੇਸ਼ਾ ਅੱਤਵਾਦ ਨੂੰ ਉਤਸ਼ਾਹਤ ਕੀਤਾ ਹੈ। ਇਮਰਾਨ ਕਸ਼ਮੀਰ ਦਾ ਰਾਗ ਅਲਾਪ ਰਹੇ ਹਨ। ਅਸੀਂ ਉਨ੍ਹਾਂ ਦੀ ਗੱਲਬਾਤ ਖਾਰਜ ਕਰਦੇ ਹਾਂ।


ਜ਼ਿਕਰਯੋਗ ਹੈ ਕਿ ਭਾਰਤ ਵੱਲੋ ਪਾਕਿਸਤਾਨ ਵੱਲੋਂ ਭੇਜੇ ਸ਼ਾਂਤੀ ਵਾਰਤਾ ਪ੍ਰਸਤਾਵ ਨੂੰ ਰੱਦ ਕੀਤੇ ਜਾਣ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਾਰਨ ਖਾਨ ਨੇ ਟਵੀਟ ਕਰਦਿਆਂ ਬਿਨਾਂ ਨਾਂਅ ਲਏ ਮੋਦੀ 'ਤੇ ਨਿਸ਼ਾਨਾ ਸਾਧਿਆ ਸੀ। ਇਮਰਾਨ ਨੇ ਲਿਖਿਆ ਸੀ ਕਿ ਮੇਰੇ ਵੱਲੋਂ ਕੀਤੀ ਸ਼ਾਂਤੀ ਵਾਰਤਾ ਦੀ ਪਹਿਲ ਨੂੰ ਠੁਕਰਾ ਕੇ ਭਾਰਤ ਨੇ ਆਪਣਾ ਨਾ-ਪੱਖੀ ਤੇ ਹੰਕਾਰੀ ਰਵੱਈਆ ਜ਼ਾਹਰ ਕੀਤਾ ਹੈ।