ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਬਹੁਚਰਚਿਤ ਉਨਾਵ ਕਾਂਡ ਦੇ ਮੁੱਖ ਮੁਲਜ਼ਮ ਤੇ ਸਾਬਕਾ ਭਾਜਪਾਈ ਨੇਤਾ ਤੇ ਵਿਧਾਇਕ ਕੁਲਦੀਪ ਸੇਂਗਰ ਖ਼ਿਲਾਫ਼ ਬਲਾਤਕਾਰ ਦੇ ਦੋਸ਼ ਤੈਅ ਹੋ ਗਏ ਹਨ। ਇੱਥੋਂ ਦੀ ਜ਼ਿਲ੍ਹਾ ਅਦਾਲਤ ਦੇ ਜੱਜ ਧਰਮੇਸ਼ ਸ਼ਰਮਾ ਨੇ ਕੁਲਦੀਪ ਸੇਂਗਰ ਦੇ ਸਾਥੀ ਸ਼ਸ਼ੀ ਸਿੰਘ ਵਿਰੁੱਧ ਵੀ ਨਾਬਾਲਗ ਲੜਕੀ ਨੂੰ ਕਥਿਤ ਤੌਰ ’ਤੇ ਅਗਵਾ ਕਰਨ ਤੇ ਹੋਰ ਅਪਰਾਧਾਂ ਦੇ ਦੋਸ਼ ਤੈਅ ਕਰ ਦਿੱਤੇ ਹਨ।


ਪੀੜਤ ਲੜਕੀ ਇਸ ਸਮੇਂ ਦਿੱਲੀ ਦੇ ਏਮਜ਼ ਵਿੱਚ ਜ਼ੇਰੇ ਇਲਾਜ ਹੈ ਜੋ ਕਿ ਬੀਤੇ ਦਿਨੀ ਕਾਰ ਨੂੰ ਟਰੱਕ ਵੱਲੋਂ ਟੱਕਰ ਮਾਰੇ ਜਾਣ ਕਾਰਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ ਸੀ। ਅਦਾਲਤ ਨੇ ਅਪਰਾਧਕ ਸਾਜ਼ਿਸ਼ ਰਚਣ, ਅਗਵਾ, ਬੰਦੀ ਬਣਾ ਕੇ ਵਿਆਹ ਲਈ ਮਜਬੂਰ ਕਰਨ, ਜਬਰ-ਜਨਾਹ ਅਤੇ ਪੌਕਸੋ ਐਕਟ ਦੀਆਂ ਹੋਰ ਧਾਰਾਵਾਂ ਤਹਿਤ ਦੋਸ਼ ਤੈਅ ਕੀਤੇ ਹਨ। ਹਾਲਾਂਕਿ ਵਿਧਾਇਕ ਸੇਂਗਰ ਅਤੇ ਸ਼ਸ਼ੀ ਸਿੰਘ ਨੇ ਦੋਸ਼ਾਂ ਤੋਂ ਇਨਕਾਰ ਕਿਹਾ ਕਿ ਉਨ੍ਹਾਂ ਨੂੰ ਝੂਠੇ ਮਾਮਲੇ ’ਚ ਫਸਾਇਆ ਗਿਆ ਹੈ।

ਸੀਬੀਆਈ ਨੇ ਵੀਰਵਾਰ ਅਦਾਲਤ ਨੂੰ ਦੱਸਿਆ ਸੀ ਕਿ ਵਿਧਾਇਕ ਸੇਂਗਰ ਅਤੇ ਉਸ ਦੇ ਭਰਾ ਨੇ ਪੀੜਤ ਲੜਕੀ ਦੇ ਪਿਤਾ ’ਤੇ ਹਮਲਾ ਕੀਤਾ ਅਤੇ ਉਸਨੂੰ ਸੂਬਾ ਪੁਲੀਸ ਦੇ ਤਿੰਨ ਅਧਿਕਾਰੀਆਂ ਅਤੇ ਪੰਜ ਹੋਰਨਾਂ ਦੀ ਮਿਲੀਭੁਗਤ ਨਾਲ ਹਥਿਆਰਾਂ ਨਾਲ ਸਬੰਧਤ ਇੱਕ ਕੇਸ ਵਿੱਚ ਫਸਾ ਦਿੱਤਾ। ਏਜੰਸੀ ਨੇ ਦੱਸਿਆ ਕਿ ਵਿਧਾਇਕ ਅਤੇ ਉਸਦੇ ਸਾਥੀਆਂ ਨੇ ਜਬਰ-ਜਨਾਹ ਪੀੜਤ ਦੇ ਪਿਤਾ ਵਿਰੁੱਧ ਦੇਸੀ ਪਿਸਤੌਲ ਅਤੇ ਪੰਜ ਚਾਰ ਕਾਰਤੂਸ ਰੱਖਣ ਸਬੰਧੀ ਐੱਫਆਈਆਰ ਦਰਜ ਕਰਵਾਈ ਸੀ।