ਹਿਸਾਰ: ਹਰਿਆਣਾ ਦੇ ਹੀ ਇੱਕ ਮਸ਼ਹੂਰ ਹੋਏ ਬਾਬੇ ਰਾਮਪਾਲ ਵਿਰੁੱਧ ਦਰਜ 4 ਮਾਮਲਿਆਂ ਵਿੱਚੋਂ 2 'ਤੇ ਅੱਜ ਅਦਾਲਤ ਵੱਲੋਂ ਫੈਸਲਾ ਸੁਣਾਇਆ ਜਾਣਾ ਸੀ, ਪਰ ਹਾਲਾਤ ਸੁਖਾਵੇਂ ਨਾ ਵੇਖ ਅਦਾਲਤ ਹੁਣ 29 ਅਗਸਤ ਨੂੰ ਰਾਮਪਾਲ ਬਾਰੇ ਫੈਸਲਾ ਲਵੇਗੀ।


ਜਿੱਥੇ ਇੱਕ ਪਾਸੇ 25 ਅਗਸਤ, 2017 ਨੂੰ ਡੇਰਾ ਸਿਰਸਾ ਮੁਖੀ ਵਿਰੁੱਧ ਚੱਲ ਰਹੇ ਸਾਧਵੀ ਨਾਲ ਬਲਾਤਕਾਰ ਦੇ ਮਾਮਲੇ ਦਾ ਫੈਸਲਾ ਆਉਣ ਵਾਲਾ ਹੈ, ਉੱਥੇ ਹਰਿਆਣਾ ਦੇ ਹੀ ਰਾਮਪਾਲ ਦੀਆਂ ਮੁਸ਼ਕਲਾਂ ਵੀ ਵਧ ਸਕਦੀਆਂ ਹਨ।

ਰਾਮਪਾਲ ਵਿਰੁੱਧ ਹਿੰਸਾ ਭੜਕਾਉਣ ਤੇ ਅਦਾਲਤੀ ਹੁਕਮਾਂ ਦੀ ਅਵੱਗਿਆ ਕਰਨ ਦੇ ਦੋਸ਼ ਹੇਠ ਚੱਲ ਰਹੇ ਕੇਸ ਦਾ ਅੱਜ ਫੈਸਲਾ ਸੁਣਾਇਆ ਜਾਣਾ ਹੈ। ਹਿਸਾਰ ਦੀ ਅਦਾਲਤ ਵਿੱਚ ਰਾਮਪਾਲ ਵਿਰੁੱਧ 4 ਵੱਖ-ਵੱਖ ਕੇਸ ਦਰਜ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ 2 'ਤੇ ਅਦਾਲਤ 29 ਅਗਸਤ ਨੂੰ ਫੈਸਲਾ ਸੁਣਾਏਗੀ।

ਦੱਸਣਾ ਬਣਦਾ ਹੈ ਕਿ 2014 ਵਿੱਚ ਰਾਮਪਾਲ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਤੇ ਪ੍ਰਸ਼ਾਸਨ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨ ਪਿਆ ਸੀ। ਇੰਜਨੀਅਰ ਤੋਂ ਬਾਬਾ ਬਣੇ ਰਾਮਪਾਲ ਦੇ ਆਸ਼ਰਮ ਤੋਂ ਹਥਿਆਰ, ਕਈ ਪਾਬੰਦੀਸ਼ੁਦਾ ਦਵਾਈਆਂ ਆਦਿ ਜ਼ਬਤ ਕੀਤੀਆਂ ਗਈਆਂ ਸੀ। ਦੱਸਿਆ ਜਾਂਦਾ ਹੈ ਕਿ ਰਾਮਪਾਲ ਨੇ ਹਰਿਆਣਾ ਤੋਂ ਇਲਾਵਾ ਰਾਜਸਥਾਨ, ਮੱਧ ਪ੍ਰਦੇਸ਼ ਤੇ ਦਿੱਲੀ ਵਿੱਚ ਜਾਇਦਾਦਾਂ ਬਣਾਈਆਂ ਹੋਈਆਂ ਹਨ।