ਨਵੀਂ ਦਿੱਲੀ: ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਹਰ ਪਾਸੇ ਦਹਿਸ਼ਤ ਦਾ ਮਾਹੌਲ ਹੈ। ਦੇਸ਼ 'ਚ ਦੂਜੀ ਵਾਰ ਇੱਕੋ ਦਿਨ 'ਚ 4 ਲੱਖ ਤੋਂ ਜ਼ਿਆਦਾ ਕੋਰੋਨਾ ਕੇਸ ਦਰਜ ਹੋਏ ਹਨ। ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ 'ਚ 4,12,262 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਤੇ 3980 ਸੰਕਰਮਿਤ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ।


ਹਾਲਾਂਕਿ ਕੋਰੋਨਾ ਤੋਂ 3,29,113 ਲੋਕ ਠੀਕ ਵੀ ਹੋਏ ਹਨ। ਇਸ ਤੋਂ ਪਹਿਲਾਂ 30 ਅਪ੍ਰੈਲ ਨੂੰ ਦੇਸ਼ 'ਚ 4,01,993 ਨਵੇਂ ਕੇਸ ਸਾਹਮਣੇ ਆਏ ਸਨ। ਦੁਨੀਆਂ ਭਰ ਦੇ ਲਗਪਗ 40 ਫ਼ੀਸਦੀ ਕੇਸ ਰੋਜ਼ਾਨਾ ਭਾਰਤ 'ਚ ਦਰਜ ਕੀਤੇ ਜਾ ਰਹੇ ਹਨ।


5 ਮਈ ਤਕ ਦੇਸ਼ ਭਰ 'ਚ 16 ਕਰੋੜ 25 ਲੱਖ 13 ਹਜ਼ਾਰ 339 ਕੋਰੋਨਾ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਪਿਛਲੇ ਦਿਨ 19 ਲੱਖ 55 ਹਜ਼ਾਰ 733 ਖੁਰਾਕਾਂ ਦਿੱਤੀਆਂ ਗਈਆਂ। ਇਸ ਦੇ ਨਾਲ ਹੀ 29 ਕਰੋੜ 67 ਲੱਖ ਤੋਂ ਵੱਧ ਟੈਸਟ ਕੀਤੇ ਜਾ ਚੁੱਕੇ ਹਨ। ਪਿਛਲੇ ਦਿਨ 19 ਲੱਖ ਕੋਰੋਨਾ ਸੈਂਪਲਾਂ ਦੇ ਟੈਸਟ ਕੀਤੇ ਗਏ, ਜਿਨ੍ਹਾਂ ਦੀ ਪੌਜ਼ੇਟੀਵਿਟੀ ਦਰ 21 ਫ਼ੀਸਦੀ ਤੋਂ ਵੱਧ ਹੈ।


ਦੇਸ਼ 'ਚ ਅੱਜ ਕੋਰੋਨਾ ਦੀ ਤਾਜ਼ਾ ਸਥਿਤੀ :



  • ਕੁਲ ਕੋਰੋਨਾ ਕੇਸ - 2 ਕਰੋੜ 10 ਲੱਖ 77 ਹਜ਼ਾਰ 410

  • ਕੁੱਲ ਠੀਕ ਹੋਏ ਮਰੀਜ਼ - 1 ਕਰੋੜ 72 ਲੱਖ 80 ਹਜ਼ਾਰ 844 ਰੁਪਏ

  • ਕੁੱਲ ਐਕਟਿਵ ਕੇਸ - 35 ਲੱਖ 66 ਹਜ਼ਾਰ 398

  • ਕੁੱਲ ਮੌਤਾਂ - 2 ਲੱਖ 30 ਹਜ਼ਾਰ 168


ਦੇਸ਼ 'ਚ ਕੋਰੋਨਾ ਨਾਲ ਮੌਤ ਦਰ 1.09 ਫ਼ੀਸਦੀ ਹੈ, ਜਦਕਿ ਠੀਕ ਹੋਣ ਦੀ ਦਰ 82 ਫ਼ੀਸਦੀ ਤੋਂ ਵੱਧ ਹੈ। ਐਕਟਿਵ ਕੇਸ ਵੱਧ ਕੇ 17 ਫ਼ੀਸਦੀ ਹੋ ਗਏ ਹਨ। ਕੋਰੋਨਾ ਐਕਟਿਵ ਕੇਸਾਂ 'ਚ ਭਾਰਤ ਦੁਨੀਆਂ 'ਚ ਦੂਜੇ ਨੰਬਰ 'ਤੇ ਹੈ। ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ ਦੇ ਮਾਮਲੇ 'ਚ ਵੀ ਭਾਰਤ ਦੂਜੇ ਨੰਬਰ 'ਤੇ ਹੈ। ਜਦਕਿ ਅਮਰੀਕਾ, ਬ੍ਰਾਜ਼ੀਲ ਅਤੇ ਮੈਕਸੀਕੋ ਤੋਂ ਬਾਅਦ ਭਾਰਤ 'ਚ ਦੁਨੀਆਂ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ।


ਕੋਰੋਨਾ ਦੀ ਤੀਜੀ ਲਹਿਰ ਵੀ ਆਵੇਗੀ


ਦੇਸ਼ ਹਾਲੇ ਕੋਰੋਨਾ ਦੀ ਦੂਜੀ ਲਹਿਰ ਤੋਂ ਬਾਹਰ ਨਹੀਂ ਆਇਆ ਹੈ ਕਿ ਤੀਜੀ ਲਹਿਰ ਦੀ ਗੱਲ ਸਾਹਮਣੇ ਆ ਗਈ ਹੈ। ਕੋਰੋਨਾ ਦੀ ਤੀਜੀ ਲਹਿਰ ਵੀ ਆਵੇਗੀ, ਪਰ ਕਦੋਂ ਆਵੇਗੀ, ਇਹ ਨਹੀਂ ਕਿਹਾ ਜਾ ਸਕਦਾ। ਖੁਦ ਕੇਂਦਰ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਵਿਜੇ ਰਾਘਵਨ ਨੇ ਮੰਨਿਆ ਕਿ ਕੋਰੋਨਾ ਦੀ ਤੀਜੀ ਲਹਿਰ ਵੀ ਆਵੇਗੀ ਅਤੇ ਇਸ ਨੂੰ ਰੋਕਿਆ ਨਹੀਂ ਜਾ ਸਕਦਾ।