ਨਵੀਂ ਦਿੱਲੀ: ਦਿੱਲੀ 'ਚ ਕੋਰੋਨਾ ਦੇ ਕਹਿਰ ਨਾਲ ਹਾਲਾਤ ਵਿਸਫੋਟਕ ਹੋ ਰਹੇ ਹਨ। ਮੌਤਾਂ ਦੀ ਗਿਣਤੀ ਇੰਨੀ ਵਧ ਗਈ ਹੈ ਕਿ ਲੋਕਾਂ ਦੇ ਸਸਕਾਰ ਕਰਨ ਲਈ ਥਾਂ ਨਹੀਂ ਮਿਲ ਰਹੀ। ਹੁਣ ਖਬਰ ਸਾਹਮਣੇ ਆਈ ਹੈ ਕਿ ਮ੍ਰਿਤਕਾਂ ਦੇ ਫੁੱਲ ਤਾਰਨ ਲਈ ਵੀ ਕਤਾਰਾਂ ਵਿੱਚ ਲੱਗਣਾ ਪੈ ਰਿਹਾ ਹੈ।


ਦਿੱਲੀ ਦੇ ਉੱਤਰੀ ਖੇਤਰ ਵਿੱਚ ਸਥਿਤ ਗੁਰਦੁਆਰਾ ਮਜਨੂੰ ਕਾ ਟਿੱਲਾ ਪਿੱਛੋਂ ਲੰਘਦੀ ਯਮੁਨਾ ਨਦੀ ਵਿੱਚ ਕਰੋਨਾ ਕਾਰਨ ਮਰਨ ਵਾਲੇ ਲੋਕਾਂ ਦੀਆਂ ਅਸਥੀਆਂ ਪ੍ਰਵਾਹ ਕਰਨ ਲਈ ਲੋਕਾਂ ਦੀ ਕਤਾਰ ਲੱਗਣ ਲੱਗ ਪਈ ਹੈ। ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਵੀ ਵਾਇਰਲ ਹੋ ਰਹੀਆਂ ਹਨ।


ਦੱਸ ਦਈਏ ਕਿ ਦਿੱਲੀ ਵਿੱਚ ਲੌਕਡਾਊਨ ਹੈ ਤੇ ਹੋਰ ਸੂਬਿਆਂ ਵਿੱਚ ਵੀ ਆਵਾਜਾਈ ਲਈ ਪਾਬੰਦੀਆਂ ਹੋਣ ਕਰਕੇ ਹੁਣ ਦਿੱਲੀ ਦੇ ਪਰਿਵਾਰਾਂ ਵੱਲੋਂ ਆਪਣੇ ਵਿਛੜਿਆਂ ਦੇ ਫੁੱਲ ਤੇ ਸਿਵਿਆਂ ਦੀ ਸੁਆਹ ਗੁਰਦੁਆਰੇ ਦੇ ਪਿਛਲੇ ਪਾਸਿਓਂ ਬਾਹਰਵਾਰ ਜਾਂਦੇ ਰਸਤੇ ਤੋਂ ਯਮੁਨਾ ਨਦੀ ਵਿੱਚ ਪ੍ਰਵਾਹ ਕੀਤੀ ਜਾ ਰਹੀ ਹੈ।


ਹਾਲਾਂਕਿ ਦਿੱਲੀ ਤੋਂ ਹੋਰ ਵਰਗਾਂ ਦੇ ਪਰਿਵਾਰਾਂ ਵੱਲੋਂ ਆਮ ਹਾਲਾਤ ਵਿੱਚ ਗੜ੍ਹਮੁਕਤੇਸ਼ਵਰ (ਉੱਤਰ ਪ੍ਰਦੇਸ਼) ਜਾਂ ਹਰਿਦੁਆਰ ਜਾ ਕੇ ਅਸਥੀਆਂ ਪ੍ਰਵਾਹ ਕੀਤੀਆਂ ਜਾਂਦੀਆਂ ਹਨ। ਹੁਣ ਤਾਲਾਬੰਦੀ ਕਰਕੇ ਅਜਿਹੇ ਪਰਿਵਾਰਾਂ ਵੱਲੋਂ ਵੀ ਯਮੁਨਾ ਨਦੀ ਵਿੱਚ ਹੀ ਫੁੱਲ ਜਲ ਪ੍ਰਵਾਹ ਕਰ ਦਿੱਤੇ ਜਾਂਦੇ ਹਨ।


ਇੱਥੇ ਗੜ੍ਹਮੁਕਤੇਸ਼ਵਰ ਜਾਂ ਹਰਿਦੁਆਰ ਵਾਂਗ ਪੂਜਾ ਤਾਂ ਨਹੀਂ ਕੀਤੀ ਜਾਂਦੀ ਪਰ ਪਰਿਵਾਰ ਆਖ਼ਰੀ ਰਸਮਾਂ ਇੱਥੇ ਹੀ ਨਿਭਾਉਣ ਲਈ ਮਜਬੂਰ ਹਨ। ਇਨ੍ਹਾਂ ਦਿਨਾਂ ਦੌਰਾਨ ਜੋ ਲੋਕ ਕੁਦਰਤੀ ਮੌਤ ਵੀ ਮਰ ਰਹੇ ਹਨ, ਉਨ੍ਹਾਂ ਦੇ ਪਰਿਵਾਰ ਵੀ ਗੁਰਦੁਆਰਾ ਮਜਨੂੰ ਕਾ ਟਿੱਲਾ ਨੇੜਲੀ ਇਸ ਥਾਂ ’ਤੇ ਹੀ ਫੁੱਲ ਜਲ ਪ੍ਰਵਾਹ ਕਰ ਜਾਂਦੇ ਹਨ।


ਦਿੱਲੀ ਦੇ ਸਿੱਖ ਪਰਿਵਾਰ ਤਾਂ ਬੀਤੇ ਕੁਝ ਸਮੇਂ ਤੋਂ ਆਪਣਿਆਂ ਦੇ ਫੁੱਲ ਇੱਥੇ ਹੀ ਪਾਉਣ ਲੱਗ ਪਏ ਸਨ ਤੇ ਹੁਣ ਕਰੋਨਾ ਕਾਲ ਦੌਰਾਨ ਹੋਰ ਵਰਗ ਦੇ ਲੋਕ ਵੀ ਇੱਥੇ ਹੀ ਅਸਥੀਆਂ ਪ੍ਰਵਾਹ ਕਰਨ ਲਈ ਮਜਬੂਰ ਹਨ। ਦਿੱਲੀ ਵਿੱਚ ਰੋਜ਼ਾਨਾ 400 ਤੋਂ ਵੱਧ ਮੌਤਾਂ ਕਰੋਨਾ ਕਾਰਨ ਹੋ ਰਹੀਆਂ ਹਨ।