ਬੀਜੇਪੀ ਵਿਧਾਇਕ ਦੀ ਵੰਗਾਰ, ਗਾਂ ਦੀ ਤਸਕਰੀ ਕਰੋਗੇ ਤਾਂ ਮਰੋਗੇ !
ਏਬੀਪੀ ਸਾਂਝਾ | 25 Dec 2017 01:50 PM (IST)
ਨਵੀਂ ਦਿੱਲੀ: ਆਪਣੇ ਬਿਆਨਾਂ ਕਾਰਨ ਸੁਰਖੀਆਂ ਵਿੱਚ ਰਹਿਣ ਵਾਲੇ ਬੀਜੇਪੀ ਵਿਧਾਇਕ ਨੇ ਇਸ ਵਾਰ ਫਿਰ ਵਿਵਾਦਾਂ ਨੂੰ ਹਵਾ ਦਿੱਤੀ ਹੈ। ਬੀਜੇਪੀ ਵਿਧਾਇਕ ਨੇ ਇਹ ਬਿਆਨ ਗਉ ਤਸਕਰੀ ਨੂੰ ਲੈ ਕੇ ਦਿੱਤਾ ਹੈ। ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਰਾਮਗੜ੍ਹ ਤੋਂ ਆਉਣ ਵਾਲੇ ਬੀਜੇਪੀ ਵਿਧਾਇਕ ਗਿਆਨਦੇਵ ਆਹੂਜਾ ਨੇ ਫਿਰ ਗਾਂ ਤਸਕਰਾਂ ਨੂੰ ਟਾਰਗੇਟ ਕਰਦੇ ਹੋਏ ਕਿਹਾ ਕਿ ਜੇਕਰ ਗਾਂ ਦੀ ਤਸਕਰੀ ਕਰੋਗੇ ਤਾਂ ਇੰਝ ਹੀ ਕੁੱਟ ਖਾ ਕੇ ਮਰੋਗੇ। ਜ਼ਿਕਰਯੋਗ ਹੈ ਕਿ ਇਸ ਤੋਂ ਇੱਕ ਦਿਨ ਪਹਿਲਾਂ ਅਲਵਰ ਦੇ ਖਿਲੋਰਾ ਪਿੰਡ ਦੇ ਯਾਦਵ ਨਗਰ ਵਿੱਚ ਕੁਝ ਲੋਕਾਂ ਨੇ ਕਥਿਤ ਤੌਰ 'ਤੇ ਗਾਂ ਦੀ ਤਸਕਰੀ ਵਾਲੀ ਗੱਡੀ ਫੜੀ। ਇਸ ਦੌਰਾਨ ਜ਼ਾਕਿਰ ਨਾਂ ਦੇ ਬੰਦੇ ਨੂੰ ਲੋਕਾਂ ਨੇ ਫੜ ਕੇ ਕੁੱਟਿਆ। ਪੁਲਿਸ ਨੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਾਕਿਰ ਆਪਣੇ ਤਿੰਨ ਸਾਥੀਆਂ ਸਣੇ ਅਲਵਰ ਦੇ ਬਾਨਸੂਰ ਖੇਤਰ ਤੋਂ ਗਾਂ ਲੈ ਕੇ ਹਰਿਆਣਾ ਜਾ ਰਿਹਾ ਸੀ। ਮਾਰਕੁੱਟ ਦੌਰਾਨ ਉਸ ਦੇ ਸਾਥੀ ਭੱਜ ਗਏ।