ਨਵੀਂ ਦਿੱਲੀ: ਕਾਂਗਰਸ ਦਾ ਨਵਾਂ ਪ੍ਰਧਾਨ ਚੁਣਨ ਲਈ ਅੱਜ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਕੀਤੀ ਜਾ ਰਹੀ ਹੈ। ਬੈਠਕ ਵਿੱਚ ਪੰਜ ਸਮੂਹ ਬਣਾਏ ਗਏ ਹਨ, ਜੋ ਵੱਖ-ਵੱਖ ਖੇਤਰਾਂ ਦੇ ਲੀਡਰਾਂ ਤੋਂ ਉਨ੍ਹਾਂ ਦੀ ਰਾਏ ਜਾਣਨਗੇ। 8 ਵਜੇ ਤਕ ਇਸ ਬਾਰੇ ਰਿਪੋਰਟ ਸੌਂਪੀ ਜਾਏਗੀ। 8 ਵਜੇ ਦੁਬਾਰਾ ਕਮੇਟੀ ਦੀ ਬੈਠਕ ਕੀਤੀ ਜਾਏਗੀ, ਯਾਨੀ ਅੱਜ ਸ਼ਾਮ ਤਕ ਕਾਂਗਰਸ ਨੂੰ ਨਵਾਂ ਪ੍ਰਧਾਨ ਮਿਲ ਸਕਦਾ ਹੈ।
ਜਾਣਕਾਰੀ ਮੁਤਾਬਕ ਜੇ ਅੱਜ ਗੱਲ ਨੇਪਰੇ ਨਾ ਚੜ੍ਹੀ ਤਾਂ ਕੱਲ ਫਿਰ CWC ਦੀ ਬੈਠਕ ਹੋ ਸਕਦੀ ਹੈ। ਕਾਂਗਰਸ ਪ੍ਰਧਾਨ ਨੂੰ ਲੈ ਕੇ ਮੁਕੁਲ ਵਾਸਨਿਕ, ਮੱਲਿਕਾਰਜੁਨ ਖੜਗੇ ਵਰਗੇ ਚਿਹਰਿਆਂ ਦੇ ਨਾਵਾਂ ਦੀ ਚਰਚਾ ਹੋ ਰਹੀ ਹੈ। UPA ਸੋਨੀਆ ਗਾਂਧੀ ਨੇ ਕਿਹਾ ਹੈ ਕਿ ਉਹ ਤੇ ਰਾਹੁਲ ਗਾਂਧੀ ਪ੍ਰਧਾਨ ਚੁਣਨ ਦੀ ਪ੍ਰਕਿਰਿਆ ਵਿੱਚ ਸ਼ਾਮਲ ਨਹੀਂ ਹਨ।
ਅੱਜ ਹੋਈ ਬੈਠਕ ਦੇ ਬਾਅਦ ਕਾਂਗਰਸ ਬੁਲਾਰਾ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਸਾਰੇ ਲੀਡਰਾਂ ਨੇ ਰਾਹੁਲ ਗਾਂਧੀ ਨੂੰ ਅਸਤੀਫਾ ਵਾਪਸ ਲੈਣ ਦੀ ਅਪੀਲ ਕੀਤੀ ਪਰ ਰਾਹੁਲ ਗਾਂਧੀ ਨੇ ਅਸਤੀਫਾ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ। ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਵਿੱਚ ਸ਼ਾਮਲ ਹੋਣ ਲਈ ਸੋਨੀਆ ਗਾਂਧੀ, ਰਾਹੁਲ ਗਾਂਧੀ, ਮਨਮੋਹਨ ਸਿੰਘ, ਹਰੀਸ਼ ਰਾਵਤ, ਮੀਰਾ ਕੁਮਾਰ, ਅਹਿਮਦ ਪਟੇਲ, ਗੁਲਾਮ ਨਬੀ ਆਜ਼ਾਦ, ਪੀ ਚਿਦੰਬਰਮ ਸਮੇਤ ਕਈ ਲੀਡਰ ਪਹੁੰਚੇ।