ਭੁਵਨੇਸ਼ਵਰ: ਚੱਕਰਵਾਤੀ ਤੂਫ਼ਾਨ 'ਫਾਨੀ' ਸਬੰਧੀ ਪੂਰੇ ਦੇਸ਼ ਨੂੰ ਪਹਿਲਾਂ ਹੀ ਚੌਕੰਨਾ ਕਰ ਦਿੱਤਾ ਗਿਆ ਹੈ। ਕਿਸੇ ਵੱਡੇ ਸੰਕਟ ਤੋਂ ਬਚਣ ਲਈ ਭਾਰਤੀ ਮੌਸਮ ਵਿਗਿਆਨ ਵਿਭਾਗ (ਆਈਐਮਡੀ) ਨੇ ਉੜੀਸਾ ਵਿੱਚ 'ਯੈਲੋ ਵਾਰਨਿੰਗ' ਜਾਰੀ ਕੀਤੀ ਹੈ। ਦਰਅਸਲ ਮੌਸਮ ਵਿਭਾਗ ਕਿਸੇ ਵੱਡੇ ਸੰਕਟ ਤੋਂ ਬਚਣ ਲਈ ਤਿੰਨ ਵਾਰਨਿੰਗ ਜਾਰੀ ਕਰਦਾ ਹੈ। ਇਹ ਗਰੀਨ, ਰੈੱਡ ਤੇ ਯੈਲੋ ਹਨ। ਯੈਲੋ ਵਾਰਨਿੰਗ ਦਾ ਮਤਲਬ 'ਜਸਟ ਵਾਚ', ਯਾਨੀ ਸਿਰਫ਼ ਵੇਖੋ ਹੁੰਦਾ ਹੈ। ਇਸ ਦਾ ਮਤਲਬ ਇਹ ਹੈ ਕਿ ਖ਼ਤਰੇ ਪ੍ਰਤੀ ਸਚੇਤ ਰਹੋ।


ਪੁਰੀ ਪ੍ਰਸ਼ਾਸਨ ਨੇ ਸੈਲਾਨੀਆਂ ਨੂੰ 2 ਮਈ ਤਕ ਪੁਰੀ ਛੱਡਣ ਦਾ ਨਿਰਦੇਸ਼ ਦਿੱਤਾ ਹੈ। ਸਰਕਾਰ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਸੈਲਾਨੀਆਂ ਦਾ ਆਉਣਾ-ਜਾਣਾ ਰੱਦ ਕਰਨ ਦਾ ਵੀ ਹੁਕਮ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਖ਼ਤਰੇ ਦੇ ਮੱਦੇਨਜ਼ਰ 15 ਮਈ ਤਕ ਡਾਕਟਰਾਂ ਦੀ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ।



ਵਿਗਿਆਨੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਉੜੀਸਾ ਵਿੱਚ ਅਗਲੇ ਕੁਝ ਘੰਟਿਆਂ ਤਕ ਚੱਕਰਵਾਤੀ ਤੂਫ਼ਾਨ ਬੇਹੱਦ ਖ਼ਤਰਨਾਕ ਰੂਪ ਲੈ ਸਕਦਾ ਹੈ। ਉੜੀਸਾ ਵਿੱਚ ਕੀ ਥਾਈਂ ਫਾਨੀ ਤੂਫ਼ਾਨ ਦੇ ਚੱਲਦਿਆਂ ਭਾਰੀ ਬਾਰਸ਼ ਵੀ ਹੋ ਸਕਦੀ ਹੈ।

ਗ੍ਰਹਿ ਮੰਤਰਾਲੇ ਦੇ ਆਫ਼ਤ ਪ੍ਰਬੰਧ ਵਿਭਾਗ ਮੁਤਾਬਕ ਚੱਕਰਵਾਤੀ ਤੂਫ਼ਾਨ ਫਾਨੀ ਬੁੱਧਵਾਰ ਦੁਪਹਿਰ ਤਕ ਉੱਤਰ-ਪੱਛਮ ਵੱਲ ਵਧਣ ਦੀ ਸੰਭਾਵਨਾ ਹੈ। ਇਸ ਦੇ ਬਾਅਦ ਇਹ ਉੱਤਰ-ਉੱਤਰ-ਪੂਰਬ ਵੱਲ ਵਧੇਗਾ। ਇਸ ਦੇ ਨਾਲ ਹੀ ਇਹ ਗੋਪਾਲਪੁਰ ਤੇ ਚੰਦਬਲੀ ਵਿੱਚ ਉੜੀਸਾ ਤਟ ਨੂੰ ਪਾਰ ਕਰੇਗਾ। ਇੱਥੋਂ ਇਹ ਤਿੰਨ ਮਈ ਨੂੰ ਸ਼ੁੱਕਰਵਾਰ ਦੀ ਦੁਪਹਿਰ ਆਸਪਾਸ ਪੁਰੀ ਦੇ ਦੱਖਣ ਵਿੱਚ ਚੱਲੇਗਾ। ਇਸ ਦੌਰਾਨ ਚੱਕਰਵਾਤੀ ਤੂਫ਼ਾਨ ਦੀ ਵੱਧ ਤੋਂ ਵੱਧ ਗਤੀ 175-185 ਕਿਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ 205 ਕਿਮੀ ਪ੍ਰਤੀ ਘੰਟਾ ਤਕ ਹੋ ਸਕਦੀ ਹੈ।