ਚੰਡੀਗੜ੍ਹ: ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹਿਮ ਦੀ ਮੂੰਹ ਬੋਲੀ ਧੀ ਦੇ ਵਿਆਹ ‘ਚ ਕੰਨਿਆ ਦਾਨ ਕਰਨ ਲਈ ਅੰਤ੍ਰਿਮ ਜ਼ਮਾਨਤ ਦੀ ਅਪੀਲ ਨੂੰ ਪੰਜਾਬ-ਹਰਿਆਣਾ ਹਾਈਕੋਰਟ ਨੇ ਖਾਰਜ ਕਰ ਦਿੱਤਾ ਹੈ। ਰਾਮ ਰਹਿਮ ਦੇ ਵਕੀਲ ਸੰਜੇ ਨੇ ਅਦਾਲਤ ‘ਚ ਅਪੀਲ ਕੀਤੀ ਸੀ ਕਿ ਰਾਮ ਰਹਿਮ ਦੀ ਮੂੰਹ ਬੋਲੀ ਧੀ ਅੰਸ਼ ਕੌਰ ਆਪਣੇ ਪਿਤਾ ਤੋਂ ਹੀ ਕੰਨਿਆਦਾਨ ਕਰਵਾਉਣਾ ਚਾਹੁੰਦੀ ਹੈ। ਇਸ ਕਰਕੇ ਜ਼ਮਾਨਤ ਮੰਗੀ ਗਈ ਸੀ।


ਅਦਾਲਤ ਨੇ 40 ਮਿੰਟ ਤਕ ਮਾਮਲੇ ਦੀ ਸੁਣਵਾਈ ਕੀਤੀ। ਇਸ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਰਾਮ ਰਹਿਮ ਨੂੰ ਚੋਣਾਂ ਦੇ ਸਮੇਂ ਜ਼ਮਾਨਤ ਦੇਣਾ ਕਾਨੂੰਨੀ ਵਿਵਸਥਾ ਲਈ ਖ਼ਤਰਨਾਕ ਹੋ ਸਕਦਾ ਹੈ। ਅਦਾਲਤ ਨੇ ਅੱਗੇ ਕਿਹਾ ਕਿ ਇਸ ਰਸਮ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਵੀ ਕੀਤਾ ਜਾ ਸਕਦਾ ਹੈ।

ਇਸ ਦੇ ਨਾਲ ਹੀ ਅਦਾਲਤ ਨੇ ਕਿਹਾ ਕਿ ਰਾਮ ਰਹਿਮ ਦੀ ਪਤਨੀ ਤੇ ਬੇਟਾ ਇਸ ਰਸਮ ਨੂੰ ਅਦਾ ਕਰ ਸਕਦੇ ਹਨ। ਇਸ ਦੇ ਨਾਲ ਹੀ ਅਦਾਲਤ ਨੇ ਇਹ ਵੀ ਕਿਹਾ ਕਿ ਕਿਸੇ ਦੀ ਇੱਛਾ ਮੁਤਾਬਕ ਕਾਨੂੰਨ ਝੁਕ ਨਹੀਂ ਸਕਦਾ।