ਨਵੀਂ ਦਿੱਲੀ: ਚੱਕਰਵਾਤ 'ਤੌਕਤੇ' ਦੇ ਮੱਦੇਨਜ਼ਰ ਰਾਹਤ ਤੇ ਬਚਾਅ ਕਾਰਜ ਲਈ ਐਨਡੀਆਰਐਫ ਨੇ ਆਪਣੀਆਂ ਟੀਮਾਂ ਦੀ ਸੰਖਿਆ 53 ਤੋਂ ਵਧਾ ਕੇ 100 ਕਰ ਦਿੱਤੀ ਹੈ। ਬਲ ਦੇ ਮਹਾਂਨਿਰਦੇਸ਼ਕ ਐਸਐਨ ਪ੍ਰਧਾਨ ਨੇ ਇਕ ਟਵੀਟ 'ਚ ਕਿਹਾ ਕਿ ਇਹ ਟੀਮ ਕੇਰਲ, ਕਰਨਾਟਕ, ਤਾਮਿਲਨਾਡੂ, ਗੋਆ, ਗੁਜਰਾਤ ਤੇ ਮਹਾਰਾਸ਼ਟਰ ਦੇ ਤਟੀ ਖੇਤਰਾਂ 'ਚ ਕੂਚ ਲਈ ਤਿਆਰ ਹਨ। ਉਨ੍ਹਾਂ ਸ਼ੁੱਕਰਵਾਰ ਕਿਹਾ ਸੀ ਕਿ ਅਰਬ ਸਾਗਰ 'ਚ ਬਣ ਰਹੇ ਚੱਕਰਵਾਤੀ ਤੂਫਾਨ ਦੇ ਮੱਦੇਨਜ਼ਰ 53 ਟੀਮਾਂ ਪੂਰੀ ਤਰ੍ਹਾਂ ਤਿਆਰ ਹਨ।


ਪ੍ਰਧਾਨ ਨੇ ਸ਼ਨੀਵਾਰ ਕਿਹਾ ਕਿ ਭਾਰਤੀ ਮੌਸਮ ਵਿਗਿਆਨ ਵਿਭਾਗ ਤੋਂ ਚੱਕਰਵਾਤ ਬਾਰੇ ਮਿਲੀ ਜਾਣਕਾਰੀ ਤੋਂ ਬਾਅਦ ਐਨਡੀਆਰਐਫ ਦੀਆਂ ਟੀਮਾਂ ਦੀ ਸੰਖਿਆ ਵਧਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 100 ਟੀਮਾਂ 'ਚੋਂ 42 ਪਹਿਲਾਂ ਤੋਂ ਹੀ ਛੇ ਸੂਬਿਆਂ 'ਚ ਜ਼ਮੀਨ 'ਤੇ ਤਾਇਨਾਤ ਹਨ ਜਦਕਿ 26 ਟੀਮਾਂ ਇੰਤਜ਼ਾਰ 'ਚ ਰੱਖੀਆਂ ਗਈਆਂ ਹਨ।


ਪ੍ਰਧਾਨ ਨੇ ਕਿਹਾ ਕਿ 32 ਟੀਮਾਂ ਮਦਦ ਲਈ ਤਿਆਰ ਰੱਖੀਆਂ ਗਈਆਂ ਹਨ। ਜਿੰਨ੍ਹਾਂ ਨੂੰ ਲੋੜ ਪੈਣ 'ਤੇ ਹਵਾਈ ਮਾਰਗ ਨਾਲ ਸਬੰਧਤ ਖੇਤਰਾਂ 'ਚ ਪਹੁੰਚਾਇਆ ਜਾ ਸਕਦਾ ਹੈ। ਐਨਡੀਆਰਐਫ ਪ੍ਰਮੁੱਖ ਨੇ ਇਹ ਵੀ ਕਿਹਾ ਕਿ ਟੀਮਾਂ ਦੇ ਮੈਂਬਰਾਂ ਦਾ ਕੋਵਿਡ-19 ਰੋਕੂ ਟੀਕਾਕਰਨ ਕੀਤਾ ਗਿਆ ਹੈ ਤੇ ਇਹ ਜ਼ਰੂਰੀ ਉਪਕਰਣਾਂ ਨਾਲ ਲੈਸ ਹਨ। ਬਲ ਦੀ ਇਕ ਟੀਮ 'ਚ 35-40 ਕਰਮੀ ਹਨ ਤੇ ਉਨ੍ਹਾਂ ਕੋਲ ਦਰੱਖਤ ਤੇ ਖੰਭੇ ਕੱਟਣ ਵਾਲੇ ਔਜਾਰ, ਕਿਸ਼ਤੀਆਂ, ਬੁਨਿਆਦੀ ਇਲਾਜ ਸਮੱਗਰੀ ਤੇ ਹੋਰ ਰਾਹਤ ਤੇ ਬਚਾਅ ਉਪਕਰਣ ਹਨ।


ਗੁਜਰਾਤ ਤਟ ਨੂੰ ਪਾਰ ਕਰਨ ਦੀ ਸੰਭਾਵਨਾ


ਭਾਰਤ ਮੌਸਮ ਵਿਗਿਆਨ ਵਿਭਾਗ (IMD) ਨੇ ਸ਼ੁੱਕਰਵਾਰ ਕਿਹਾ ਸੀ ਕਿ ਅਰਬ ਸਾਗਰ 'ਚ ਬਣੇ ਦਬਾਅ ਦੇ ਖੇਤਰ ਦੇ 17 ਮਈ ਨੂੰ ਅਤਿਅੰਤ ਭਿਆਨਕ ਚੱਕਰਵਾਤੀ ਤੂਫਾਨ 'ਚ ਤਬਦੀਲ ਹੋਣ 'ਤੇ ਇਕ ਦਿਨ ਬਾਅਦ ਇਸ ਦੇ ਗੁਜਰਾਤ ਤਟ ਦੇ ਪਾਰ ਕਰਨ ਦੀ ਸੰਭਾਵਨਾ ਹੈ। ਇਹ ਵੀ ਕਿਹਾ ਸੀ ਕਿ ਮੌਸਮ ਸਥਿਤੀ ਗਹਿਰੇ ਦਬਾਅ ਦੇ ਖੇਤਰ 'ਚ ਤਬਦੀਲ ਹੋ ਗਈ ਹੈ ਤੇ ਇਸ ਦੇ ਸ਼ਨੀਵਾਰ ਸਵੇਰ ਤਕ ਚੱਕਰਵਾਤੀ ਤੂਫਾਨ 'ਤੌਕਤੇ' 'ਚ ਤਬਦੀਲ ਹੋਣ ਦੀ ਸੰਭਾਵਨਾ ਹੈ। ਫਿਰ ਇਸ ਦੇ ਸ਼ਨੀਵਾਰ ਰਾਤ ਤਕ ਭਿਆਨਕ ਚੱਕਰਵਾਤੀ ਤੂਫਾਨ 'ਚ ਤਬਦੀਲ ਹੋਣ ਦੀ ਸੰਭਾਵਨਾ ਹੈ।


ਕਿਸਨੇ ਦਿੱਤਾ 'ਤੌਕਤੇ' ਨਾਂਅ?


IMD ਦੇ ਚੱਕਰਵਾਤ ਚੇਤਾਵਨੀ ਵਿਭਾਗ ਨੇ ਕਿਹਾ ਕਿ 16-19 ਮਈ ਦੇ ਵਿਚ ਪੂਰੀ ਸੰਭਾਵਨਾ ਹੈ ਕਿ ਇਹ 150-160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਵਾਲੀਆਂ ਹਵਾਵਾਂ ਦੇ ਨਾਲ ਇਕ ਭਿਆਨਕ ਚੱਕਰਵਾਤੀ ਤੂਫਾਨ 'ਚ ਤਬਦੀਲ ਹੋਵੇਗਾ। ਹਵਾਵਾਂ ਦੀ ਰਫਤਾਰ ਵਿਚ-ਵਿਚ 'ਚ 175 ਕਿਲੋਮੀਟਰ ਪ੍ਰਤੀ ਘੰਟਾ ਵੀ ਹੋ ਸਕਦੀ ਹੈ। ਤੂਫਾਨ ਨੂੰ ਤੌਕਤੇ ਨਾਂਅ ਮਿਆਂਮਾ ਨੇ ਦਿੱਤਾ ਹੈ ਜਿਸ ਦਾ ਮਤਲਬ ਛਿਪਕਲੀ ਹੁੰਦਾ ਹੈ। ਇਸ ਸਾਲ ਭਾਰਤੀ ਤਟ 'ਤੇ ਪਹਿਲਾ ਚੱਕਰਵਾਤੀ ਤੂਫਾਨ ਹੋਵੇਗਾ।