ਨਵੀਂ ਦਿੱਲੀ: ‘ਵਾਯੂ’ ਚੱਕਰਵਾਤ ਓਮਾਨ ਵੱਲ ਮੁੜ ਚੁੱਕਿਆ ਹੈ, ਪਰ ਇਸ ਕਰਕੇ ਦੱਖਣੀ-ਪੱਛਮੀ ਮਾਨਸੂਨ ਦੀ ਸਪੀਡ ‘ਤੇ ਵੀ ਅਸਰ ਪਿਆ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮਾਨਸੂਨ ਨੂੰ ਮੁੰਬਈ ਪਹੁੰਚਣ ‘ਚ ਇੱਕ ਹਫਤਾ ਹੋਰ ਲੱਗੇਗਾ। ਪਿਛਲੇ 24 ਘੰਟੇ ਤੋਂ ਮੁੰਬਈ ‘ਚ ਪ੍ਰੀ-ਮਾਨਸੂਨ ਬਾਰਸ਼ ਹੋ ਰਹੀ ਹੈ। ਇਸ ਵਾਰ ਮਾਨਸੂਨ ਕੇਰਲ ‘ਚ ਵੀ ਹਫਤੇ ਦੀ ਦੇਰੀ ਨਾਲ 8 ਜੂਨ ਨੂੰ ਪਹੁੰਚਿਆ ਸੀ।ਮੌਸਮ ਵਿਭਾਗ ਮੁਤਾਬਕ, ਵੀਰਵਾਰ ਨੂੰ ਮੁੰਬਈ ਦੇ ਸਾਂਤਾ ਕਰੂਜ਼ ਇਲਾਕੇ ‘ਚ ਰਿਕਾਰਡ 0.3 ਮਿਮੀ ਪ੍ਰੀ ਮਾਨਸੂਨ ਬਾਰਸ਼ ਹੋਈ ਸੀ ਜਦਕਿ ਕੋਲਾਬਾ ‘ਚ 6.0 ਮਿਮੀ ਬਾਰਸ਼ ਹੋਈ। ਇਸ ਨਾਲ ਸ਼ਹਿਰ ਦੇ ਤਾਪਮਾਨ ‘ਚ ਗਿਰਾਵਟ ਹੋਈ।ਉਧਰ, ਪ੍ਰਾਈਵੇਟ ਵੈੱਬਸਾਈਟ ਸਕਾਈਮੈੱਟ ਮੁਤਾਬਕ, ਦੱਖਣੀ-ਦੱਖਣੀ ਪੱਛਮੀ ਖੇਤਰਾਂ ‘ਚ ਅਗਲੇ 24 ਘੰਟਿਆਂ ‘ਚ 40 ਤੋਂ 50 ਕਿਮੀ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚਲ ਸਕਦੀਆਂ ਹਨ। ਇਸ ਦੌਰਾਨ ਮਛੇਰਿਆਂ ਨੂੰ ਸਮੁੰਦਰ ‘ਚ ਨਾ ਜਾਣ ਨੂੰ ਕਿਹਾ ਗਿਆ ਹੈ। ਸਕਾਈਮੈੱਟ ਦਾ ਅੰਦਾਜ਼ਾ ਹੈ ਕਿ ਇਸ ਵਾਰ ਪ੍ਰੀ-ਮਾਨਸੂਨ ਵੀ ਕਮਜ਼ੋਰ ਰਹਿਣ ਦੀ ਉਮੀਦ ਹੈ।