ਪਣਜੀ: ਤਿੱਬਤੀ ਧਰਮ ਗੁਰੂ ਦਲਾਈ ਲਾਮਾ ਨੇ ਬੁੱਧਵਾਰ ਨੂੰ ਕਿਹਾ ਕਿ ਜਵਾਹਰ ਲਾਲ ਨਹਿਰੂ ਅੰਦਰ ਪ੍ਰਧਾਨ ਮੰਤਰੀ ਬਣਨ ਦੀ ਲਾਲਸਾ ਨਾ ਹੁੰਦੀ ਤਾਂ ਅੱਜ ਭਾਰਤ ਤੇ ਪਾਕਿਸਤਾਨ ਇੱਕ ਦੇਸ਼ ਹੁੰਦਾ। ਉਨ੍ਹਾਂ ਕਿਹਾ ਕਿ ਨਹਿਰੂ ਅਨੁਭਵੀ ਸਨ, ਪਰ ਫਿਰ ਵੀ ਭੁੱਲ ਤਾਂ ਹੋ ਹੀ ਜਾਂਦੀ ਹੈ।

ਪਣਜੀ ਤੋਂ ਕਰੀਬ 30 ਕਿਲੋਮੀਟਰ ਦੂਰ ਉੱਤਰ ਗੋਆ ਦੇ ਪਿੰਡ ਸਾਂਕੇਲਿਮ ਵਿੱਚ ਪ੍ਰਬੰਧਨ ਸੰਸਥਾ ’ਚ ਕਰਾਏ ਸਮਾਗਮ ਦੌਰਾਨ ਇੱਕ ਵਿਦਿਆਰਥੀ ਦੇ ਸਵਾਲ ਦਾ ਜਵਾਬ ਦਿੰਦਿਆਂ ਦਲਾਈਲਾਮਾ ਨੇ ਕਿਹਾ ਕਿ ਮਹਾਤਮਾ ਗਾਂਧੀ ਪ੍ਰਧਾਨ ਮੰਤਰੀ ਦਾ ਅਹੁਦਾ ਮੁਹੰਮਦ ਅਲੀ ਜਿਨਹਾ ਨੂੰ ਦੇਣਾ ਚਾਹੁੰਦੇ ਸਨ, ਜੇ ਉਸ ਸਮੇਂ ਜਿਨਹਾ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ ਹੁੰਦਾ ਤਾਂ ਭਾਰਤ ਤੇ ਪਾਕਿਸਤਾਨ ਇਕੱਠਾ ਹੋਣਾ ਸੀ।

ਇਸ ਮੌਕੇ ਦਲਾਈਲਾਮਾ ਸੰਸਥਾ ਵਿੱਚ ਮੁੱਖ ਵਕਤਾ ਵਜੋਂ ‘ਅੱਜ ਦੇ ਸੰਦਰਭ ਵਿੱਚ ਭਾਰਤ ਦੇ ਪ੍ਰਾਚੀਨ ਗਿਆਨ ਦਾ ਪ੍ਰਸੰਗ’ ਵਿਸ਼ੇ ’ਤੇ ਲੈਕਚਰ ਦੇ ਰਹੇ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਭਾਰਤ ਦੀ ਸੰਸਕ੍ਰਿਤੀ ਵਿੱਚ ਪਰੰਪਰਾ ਤੇ ਗਿਆਨ ਸ਼ਾਮਲ ਹੈ। ਅਹਿੰਸਾ ਦੀ ਇਹ ਧਰਤੀ ਪਰੰਪਰਾਗਤ ਗਿਆਨ ਦਾ ਕੇਂਦਰ ਹੈ, ਜਿਸ ਵਿੱਚ ਚਿੰਤਨ, ਕਰੁਣਾ, ਧਰਮ ਨਿਰਪੱਖਤਾ ਤੇ ਕਈ ਹੋਰ ਗੱਲਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਭਾਰਤ ਨੇ ਪਰੰਪਰਾਗਤ ਤੇ ਆਧੁਨਿਕ ਸਿੱਖਿਆ ਨੂੰ ਜੋੜ ਕੇ ਚੀਜ਼ਾਂ ਨੂੰ ਸਿੱਖਿਆ ਹੈ।

ਇਸ ਮੌਕੇ ਦਲਾਈਲਾਮਾ ਨੇ ਮੁਸਲਮਾਨਾਂ ਨੂੰ ਸਹਿਣਸ਼ੀਲ ਦੱਸਿਆ। ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਤੇ ਸੀਰੀਆ ਦੇ ਮੁਸਲਮਾਨ ਭਾਰਤੀਆਂ ਦੇ ਨਾਲ-ਨਾਲ ਰਹਿਣ ਦੀ ਕਲਾ ਸਿੱਖ ਰਹੇ ਹਨ।