ਨਵੀਂ ਦਿੱਲੀ: ਪੰਜਾਬੀ ਗਾਇਕ ਤੇ ਕਬੂਤਰਬਾਜ਼ੀ ਦੇ ਮਾਮਲੇ ਦੇ ਦੋਸ਼ੀ ਦਲੇਰ ਮਹਿੰਦੀ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ, ਕੇਂਦਰੀ ਮੰਤਰੀ ਡਾ. ਹਰਸ਼ਵਰਧਨ ਤੇ ਪੰਜਾਬੀ ਗਾਇਕ ਹੰਸ ਰਾਜ ਹੰਸ ਦੀ ਮੌਜੂਦਗੀ ਵਿੱਚ ਮਹਿੰਦੀ ਦੇ ਮਨ 'ਚ ਵੀ ਕਮਲ ਖਿੜ੍ਹ ਗਿਆ।

ਪਿਛਲੇ ਦਿਨੀਂ ਭਾਜਪਾ ਨੇ ਪੰਜਾਬ ਦੇ ਰਾਜ ਗਾਇਕ ਹੰਸ ਰਾਜ ਹੰਸ ਨੂੰ ਦਿੱਲੀ ਦੀ ਉੱਤਰ-ਪੱਛਮੀ ਲੋਕ ਸਭਾ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ। ਹੰਸ ਵੀ ਕੁਝ ਦਿਨ ਪਹਿਲਾਂ ਹੀ ਭਾਜਪਾ ਵਿੱਚ ਸ਼ਾਮਲ ਹੋਏ ਸਨ। ਹੁਣ ਉਹ ਆਪਣੇ ਕੁੜਮ ਨੂੰ ਵੀ ਭਾਜਪਾ ਵਿੱਚ ਲੈ ਆਏ ਹਨ। ਇਸ ਤੋਂ ਪਹਿਲਾਂ ਦਿੱਗਜ ਅਦਾਕਾਰ ਸੰਨੀ ਦਿਓਲ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਉਹ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਚੋਣ ਮੈਦਾਨ 'ਚ ਹਨ।

ਅਜਿਹੇ ਵਿੱਚ ਪੂਰੀ ਆਸ ਹੈ ਕਿ ਭਾਜਪਾ ਦਲੇਰ ਮਹਿੰਦੀ ਨੂੰ ਚੋਣ ਲੜਵਾ ਸਕਦੀ ਹੈ। ਪਰ ਹੁਣ ਦੇਖਣਾ ਬਣਦਾ ਹੈ ਕਿ ਮਹਿੰਦੀ ਨੂੰ ਭਾਜਪਾ ਕਿੱਥੋਂ ਖੜ੍ਹਾ ਕਰਦੀ ਹੈ ਜਾਂ ਸਿਰਫ ਚੋਣ ਪ੍ਰਚਾਰ ਹੀ ਕਰਵਾਉਂਦੀ ਹੈ।