ਨਵੀਂ ਦਿੱਲੀ: ਕਾਂਗਰਸ ਤੇ ਬੀਜੇਪੀ ਦੀ ਡਾਟਾ ਜੰਗ ਖ਼ਤਮ ਨਹੀਂ ਹੋ ਰਹੀ। ਅੱਜ ਕਾਂਗਰਸ ਪ੍ਰਧਾਨ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਟਵੀਟ ਵਿਵਾਦ ਨੂੰ ਹੋਰ ਅੱਗੇ ਵਧਾ ਦਿੱਤਾ ਹੈ। ਇਸ ਟਵੀਟ 'ਚ ਉਨ੍ਹਾਂ ਨੇ ਫਰਾਂਸ ਦੇ ਇੱਕ ਹੈਕਰ ਦੇ ਟਵੀਟ ਦੇ ਆਧਾਰ 'ਤੇ ਖ਼ਬਰ ਸਾਂਝੀ ਕੀਤੀ ਹੈ। ਏਲੀਅਟ ਐਲਡਰਸਨ ਨਾਮ ਦੇ ਹੈਕਰ ਨੇ ਆਪਣੇ ਟਵੀਟ 'ਚ ਕਿਹਾ ਹੈ ਕਿ ਨਰਿੰਦਰ ਮੋਦੀ ਐਪ ਡਾਉਨਲੋਡ ਕਰਨ ਵਾਲੇ ਲੋਕਾਂ ਦੀ ਨਿੱਜੀ ਜਾਣਕਾਰੀ ਕਿਸੇ ਤੀਸਰੀ ਪਾਰਟੀ ਨਾਲ ਸਾਂਝੀ ਕੀਤੀ ਗਈ ਹੈ।
ਰਾਹੁਲ ਗਾਂਧੀ ਨੇ ਇਸ ਟਵੀਟ ਦੇ ਆਧਾਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਗਾਂਧੀ ਦੇ ਇਸ ਇਲਜ਼ਾਮ 'ਤੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਪਲਟਵਾਰ ਕਰਦੇ ਹੋਏ ਕਿਹਾ ਕਿ ਰਾਹੁਲ ਗਾਂਧੀ ਤੇ ਕਾਂਗਰਸ ਨੂੰ ਤਕਨੀਕੀ ਜਾਣਕਾਰੀ ਨਹੀਂ।
ਇਸ ਤੋਂ ਪਹਿਲਾਂ ਬੀਜੇਪੀ ਨੇ ਕਾਂਗਰਸ ਉੱਪਰ ਇਲਜ਼ਾਮ ਲਾਇਆ ਕਿ ਉਸ ਨੇ ਆਪਣੀ ਚੋਣ ਮੁਹਿੰਮ ਦੀ ਜ਼ਿੰਮੇਵਾਰੀ ਕੈਂਬਰਿਜ ਐਨਾਲਿਟਿਕਾ ਨੂੰ ਹੀ ਸੌਂਪੀ ਹੈ ਜਿਸ ਨੇ ਫੇਸਬੁੱਕ ਤੋਂ ਚੋਰੀ ਦਾ ਡੇਟਾ ਖਰੀਦਿਆ ਸੀ। ਬੀਜੇਪੀ ਦੇ ਇਸ ਇਲਜ਼ਾਮ ਮਗਰੋਂ ਖੁਲਾਸਾ ਹੋਇਆ ਕਿ ਸੱਤਾਧਿਰ ਵੀ ਇਸ ਕੰਪਨੀ ਦੀਆਂ ਸੇਵਾਵਾਂ ਲੈ ਚੁੱਕੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਡੇਟਾ ਚੋਰੀ ਕਰਨ ਦੇ ਇਲਜ਼ਾਮਾਂ ਵਿੱਛ ਘਿਰੀ ਫਰਮ ਕੈਂਬਰਿਜ ਐਨਾਲਿਟਿਕਾ ਨਾਲ ਜੁੜੀਆਂ ਕੰਪਨੀਆਂ ਇੰਡੀਅਨ ਕਮਿਊਨੀਕੇਸ਼ਨਜ਼ ਲੈਬੋਰਟਰੀਜ਼ ਪ੍ਰਾਈਵੇਟ ਲਿਮਟਿਡ ਤੇ ਓਵਲੇਨੇ ਬਿਜਨੈੱਸ ਇੰਟੈਲੀਜੈਂਸ ਤੋਂ ਬੀਜੇਪੀ, ਕਾਂਗਰਸ ਤੇ ਜੇਡੀਯੂ ਨੇ ਸੇਵਾਵਾਂ ਲਈਆਂ ਹਨ।
ਦਰਅਸਲ ਭਾਰਤ ਦੇ ਆਈਟੀ ਤੇ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਇਲਜ਼ਾਮ ਲਾਇਆ ਸੀ ਕਿ ਕਾਂਗਰਸ ਦੇ ਕੈਂਬਰਿਜ ਐਨਾਲਿਟਿਕਾ ਨਾਲ ਸਬੰਧ ਹਨ। ਉਨ੍ਹਾਂ ਕਿਹਾ ਸੀ ਕਿ ਕਾਂਗਰਸ ਨੂੰ ਸਵਾਲ ਹੈ ਕਿ ਕੀ ਉਹ ਚੋਰੀ ਦੇ ਡੇਟਾ ਰਾਹੀਂ 2019 ਦੀ ਚੋਣ ਜਿੱਤਣੀ ਚਾਹੁੰਦੀ ਹੈ? ਰਿਪੋਰਟਾਂ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਆਪਣੀ ਚੋਣ ਮੁਹਿੰਮ ਦੀ ਜ਼ਿੰਮੇਵਾਰੀ ਕੈਂਬਰਿਜ ਐਨਾਲਿਟਿਕਾ ਨੂੰ ਹੀ ਸੌਂਪੀ ਹੈ।