ਦਾਊਦ ਦਾ ਭਰਾ ਫਸਿਆ ਕਸੂਤਾ
ਏਬੀਪੀ ਸਾਂਝਾ | 11 Oct 2017 05:06 PM (IST)
ਮੁੰਬਈ: ਜਬਰਨ ਵਸੂਲੀ ਮਾਮਲੇ 'ਚ ਥਾਣੇ ਪੁਲਿਸ ਨੇ ਅੰਡਰਵਰਲਡ ਡਾਨ ਦਾਊਦ ਇਬਰਾਹੀਮ ਦੇ ਭਰਾ ਇਕਬਾਲ ਕਾਸਕਰ, ਗੈਂਗਸਟਰ ਛੋਟਾ ਸ਼ਕੀਲ ਤੇ ਤਿੰਨ ਹੋਰਾਂ ਖਿਲਾਫ ਜਬਰਨ ਵਸੂਲੀ ਦੇ ਮਾਮਲੇ 'ਚ ਮਕੋਕਾ ਲਗਾ ਦਿੱਤਾ ਹੈ। ਕਈ ਮਹੀਨੇ ਪਹਿਲਾਂ ਇਕਬਾਲ ਕਾਸਕਰ ਨੂੰ ਠਾਣੇ ਜ਼ਿਲੇ ਦੀ ਪੁਲੀਸ ਨੇ ਗ੍ਰਿਫਤਾਰ ਕੀਤਾ ਸੀ। ਉਸ ਉੱਤੇ ਇਕ ਬਿਲਡਰ ਨੂੰ ਧਮਕਾਉਣ ਤੇ ਹਫਤਾ ਵਸੂਲੀ ਕਰਨ ਦਾ ਇਲਜ਼ਾਮ ਸੀ। ਦੱਸਣਯੋਗ ਹੈ ਕਿ ਇਕਬਾਲ ਕਾਸਕਰ 12 ਮਾਰਚ 1993 ਨੂੰ ਮੁੰਬਈ ਵਿੱਚ ਹੋਏ ਲੜੀਵਾਰ ਧਮਾਕਿਆਂ ਸਮੇਂ ਦੁਬਈ ਭੱਜ ਗਿਆ ਸੀ। 2003 'ਚ ਉਸ ਨੂੰ ਭਾਰਤ ਲਿਆਂਦਾ ਗਿਆ ਸੀ। ਉਸ 'ਤੇ ਮੁੰਬਈ ਵਿੱਚ ਬਹੁਤ ਚਰਚਿਤ ਰਹੇ ਸਹਾਰਾ ਕੇਸ 'ਚ ਮੁਕੱਦਮਾ ਚਲਾਇਆ ਗਿਆ, ਜਿਸ 'ਚ ਸਬੂਤਾਂ ਦੀ ਘਾਟ ਕਾਰਨ ਉਹ ਬਰੀ ਹੋ ਗਿਆ ਸੀ। ਉਹ ਕਤਲ ਦੇ ਇਕ ਕੇਸ ਵਿੱਚ ਲੋੜੀਂਦਾ ਸੀ, ਪਰ ਇਸ ਮਾਮਲੇ 'ਚ ਉਸ ਨੂੰ 2007 'ਚ ਬਰੀ ਕਰ ਦਿੱਤਾ ਗਿਆ ਸੀ। ਇਕਬਾਲ ਉੱਤੇ ਅੱਤਵਾਦ ਨਾਲ ਸੰਬੰਧਤ ਕੋਈ ਕੇਸ ਦਰਜ ਨਹੀਂ ਹੈ। ਉਹ ਭਾਰਤ 'ਚ ਰਹਿ ਰਿਹਾ ਦਾਊਦ ਦਾ ਇਕਲੌਤਾ ਭਰਾ ਹੈ ਅਤੇ ਉਹ ਇਸ ਸ਼ਹਿਰ 'ਚ ਦਾਊਦ ਦੇ ਰੀਅਲ ਅਸਟੇਟ ਕਾਰੋਬਾਰ ਨੂੰ ਦੇਖਦਾ ਹੈ। ਕੁਝ ਸਾਲ ਪਹਿਲਾਂ ਉਸ ਉੱਤੇ ਉਸ ਦੇ ਘਰ ਦੇ ਬਾਹਰ ਹਮਲਾ ਵੀ ਹੋ ਚੁੱਕਾ ਹੈ।