ਚੰਡੀਗੜ੍ਹ: ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਤੇ ਚੰਡੀਗੜ੍ਹ ਤੋਂ ਭਾਜਪਾ ਦੀ ਲੋਕ ਸਭਾ ਮੈਂਬਰ ਕਿਰਨ ਖੇਰ ਦੇ ਪਤੀ ਨੂੰ ਫ਼ਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ ਆਫ਼ ਇੰਡੀਆ, ਪੁਣੇ ਦਾ ਨਵਾਂ ਮੁਖੀ ਥਾਪ ਦਿੱਤਾ ਗਿਆ ਹੈ। ਇਹ ਅਦਾਰਾ ਪਿਛਲੇ ਮੁਖੀ ਗਜੇਂਦਰ ਚੌਹਾਨ ਕਾਰਨ ਕਾਰਨ ਕਾਫੀ ਵਿਵਾਦਾਂ ਵਿੱਚ ਵੀ ਰਿਹਾ ਸੀ।




ਇੱਥੇ ਇੱਕ ਗੱਲ ਬੜੀ ਰੌਚਕ ਹੈ ਕਿ ਅਦਾਕਾਰ ਅਨੁਪਮ ਖੇਰ ਖੁੱਲ੍ਹ ਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਅਤੇ ਭਾਜਪਾ ਦੀਆਂ ਨੀਤੀਆਂ ਦਾ ਸਮਰਥਨ ਕਰਦੇ ਆਏ ਹਨ ਅਤੇ ਹੁਣ ਖੇਰ ਦੇ ਦੇਸ਼ ਦੇ ਵੱਕਾਰੀ ਫ਼ਿਲਮ ਸੰਸਥਾਨ ਦੀ ਵਾਗਡੋਰ ਸਾਂਭਣ ਤੋਂ ਇਹ ਚਰਚਾ ਛਿੜਨੀ ਲਾਜ਼ਮੀ ਹੈ ਕਿ ਅਨੁਪਮ ਖੇਰ ਨੂੰ ਵਫਾਦਾਰੀ ਵਿਖਾਉਣ ਦਾ ਇਨਾਮ ਦਿੱਤਾ ਗਿਆ ਹੋਵੇ।

ਦੱਸਣਾ ਬਣਦਾ ਹੈ ਕਿ ਜਦੋਂ ਗਜੇਂਦਰ ਚੌਹਾਨ ਨੂੰ FTII ਦਾ ਮੁਖੀ ਬਣਾਇਆ ਗਿਆ ਸੀ ਤਾਂ ਉਦੋਂ ਤੋਂ ਹੀ ਵਿਦਿਆਰਥੀਆਂ ਨੇ ਇਸ ਦਾ ਜੰਮ ਕੇ ਵਿਰੋਧ ਕੀਤਾ ਸੀ। ਵਿਦਿਆਰਥੀਆਂ ਦਾ ਤਰਕ ਸੀ ਕਿ ਚੌਹਾਨ ਇਸ ਸੰਸਥਾ ਦਾ ਮੁਖੀ ਬਣਨ ਦੇ ਯੋਗ ਨਹੀਂ ਹੈ।

ਹੁਣ ਪਦਮਸ਼੍ਰੀ ਪੁਰਸਕਾਰ ਜੇਤੂ ਅਨੁਪਮ ਖੇਰ ਨੂੰ ਇਸ ਵੱਕਾਰੀ ਸੰਸਥਾ ਦਾ ਮੁਖੀ ਥਾਪ ਦਿੱਤਾ ਗਿਆ ਹੈ, ਜੋ ਆਪਣੀ ਵਿਲੱਖਣ ਅਦਾਕਾਰੀ ਤੇ ਨਿਰਦੇਸ਼ਨ ਦੇ ਸਦਕਾ ਹੀ ਪੂਰੀ ਦੁਨੀਆ ਵਿੱਚ ਪ੍ਰਸਿੱਧ ਹਨ। ਅਨੁਪਮ ਖੇਰ ਨੇ 1982 ਵਿੱਚ ਆਪਣਾ ਫ਼ਿਲਮੀ ਜੀਵਨ ਫ਼ਿਲਮ ਆਗਮਨ ਤੋਂ ਸ਼ੁਰੂ ਕੀਤਾ ਸੀ। ਉਨ੍ਹਾਂ ਉਦੋਂ ਤੋਂ ਲੈ ਕੇ ਹੁਣ ਤਕ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ।