ਨਵੀਂ ਦਿੱਲੀ: ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਦੇਣ ਵਾਲੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਲਈ ਉਨ੍ਹਾਂ ਦੇ ਰਿਸ਼ਤੇਦਾਰ ਵੀ ਮੈਦਾਨ ਵਿੱਚ ਨਿੱਤਰ ਆਏ ਹਨ। ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਦੀ ਮੰਗ ਸਬੰਧੀ ਦਿੱਲੀ ਦੇ ਜੰਤਰ-ਮੰਤਰ ਵਿੱਚ ਜਬਰ ਵਿਰੁੱਧ ਐਕਸ਼ਨ ਤੇ ਵੈਲਫੇਅਰ ਕਮੇਟੀ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ। ਭਗਤ ਸਿੰਘ ਦੇ ਭਤੀਜੇ ਕਿਰਨਜੀਤ ਸਿੰਘ, ਅਭੈ ਸਿੰਘ ਸੰਧੂ ਤੇ ਉਨ੍ਹਾਂ ਦੀ ਪਤਨੀ ਤੇਜਵਿੰਦਰ ਕੌਰ ਪ੍ਰਦਰਸ਼ਕਾਰੀਆਂ ਦੇ ਸਮਰਥਨ ਲਈ ਜੰਤਰ-ਮੰਤਰ ਪੁੱਜੇ ਤੇ ਧਰਨਾ ਦਿੱਤਾ।
ਜਬਰ ਵਿਰੱਧ ਐਕਸ਼ਨ ਤੇ ਵੈਲਫੇਅਰ ਕਮੇਟੀ ਦੇ ਪ੍ਰਧਾਨ ਜਸਵੰਤ ਸਿੰਘ ਭਰਤਾ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਭਗਤ ਸਿੰਘ, ਰਾਜਗੁਰੂ, ਸੁਖਦੇਵ ਤੇ ਊਧਮ ਸਿੰਘ ਨੂੰ ਸ਼ਹੀਦ ਐਲਾਨ ਦੇਣਾ ਚਾਹੀਦਾ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ ਕੌਮੀ ਅਕਾਲੀ ਦਲ ਦੀ ਅਗਵਾਈ ਹੇਠ ਕਈ ਜਥੇਬੰਦੀਆਂ ਨੇ ਦੇਸ਼ ਲਈ ਆਪਣੀ ਜਾਨ ਦੇਣ ਵਾਲੇ ਉਕਤ ਨੌਜਵਾਨਾਂ ਨੂੰ ਸ਼ਹੀਦ ਦੀ ਦਰਜਾ ਦਿਵਾਉਣ ਲਈ ਵਿਰੋਧ ਪ੍ਰਦਰਸ਼ਨ ਕੀਤੇ ਹਨ।
ਪ੍ਰਦਰਸ਼ਨਕਾਰੀ ਉਕਤ ਨੌਜਵਾਨਾਂ ਤੋਂ ਇਲਾਵਾ ਚੰਦਰ ਸ਼ੇਖਰ ਆਜ਼ਾਦ ਨੂੰ ਵੀ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਇਲਜ਼ਾਮ ਲਾਇਆ ਕਿ ਦੇਸ਼ ਅੰਦਰ ਵਿਧਾਇਕਾਂ, ਸੰਸਦ ਮੈਂਬਰਾਂ ਆਦਿ ਨੂੰ ਸਰਕਾਰ ਵੱਲੋਂ ਕਈ ਲਾਭ ਤੇ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਜਦਕਿ ਆਜ਼ਾਦੀ ਦੇ 72 ਸਾਲਾਂ ਬਾਅਦ ਵੀ ਸ਼ਹੀਦਾਂ ਦੇ ਪਰਿਵਾਰ ਦੀ ਕੋਈ ਸਾਰ ਨਹੀਂ ਲੈਂਦਾ।