ਨਵੀਂ ਦਿੱਲੀ: ਐਤਵਾਰ ਨੂੰ ਪਟਿਆਲਾ ਵਿੱਚ ਅਧਿਆਪਕਾਂ 'ਤੇ ਕੀਤੇ ਲਾਠੀਚਾਰਜ ਦਾ ਮਾਮਲਾ ਅਕਾਲੀ ਦਲ ਵੱਲੋਂ ਅੱਜ ਸੰਸਦ ਵਿੱਚ ਚੁੱਕਿਆ ਜਾਵੇਗਾ। ਅਕਾਲੀ ਦਲ ਦੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਲੋਕ ਸਭਾ ਵਿੱਚ ਇਸ ਮਸਲੇ ਨੂੰ ਉਠਾਉਣਗੇ।
ਇਹ ਵੀ ਪੜ੍ਹੋ: ਕੈਪਟਨ ਨੂੰ ਘੇਰਨ ਪਹੁੰਚੇ ਅਧਿਆਪਕਾਂ 'ਤੇ ਵਰ੍ਹਿਆ ਪੁਲਿਸ ਦਾ ਡੰਡਾ
ਚੰਦੂਮਾਜਰਾ ਨੇ ਸੰਸਦ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਮੀਡੀਆ ਨਾਲ ਕੀਤੀ ਗੱਲਬਾਤ ਦੌਰਾਨ ਕਿਹਾ ਕਿ ਕੈਪਟਨ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਵਿਰੁੱਧ ਕੇਂਦਰ ਸਰਕਾਰ ਨੂੰ ਦਖ਼ਲ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਹੈ, ਨਾ ਮੁੱਖ ਮੰਤਰੀ ਤੇ ਨਾ ਹੀ ਕੋਈ ਮੰਤਰੀ ਅਧਿਆਪਕਾਂ ਨਾਲ ਗੱਲਬਾਤ ਕਰਨ ਨੂੰ ਰਾਜ਼ੀ ਹੈ। ਅਜਿਹੇ ਵਿੱਚ ਸਰਕਾਰ ਕਿਵੇਂ ਚੱਲੇਗੀ।
ਅਕਾਲੀ ਆਗੂ ਨੇ ਕਿਹਾ ਕਿ ਕੈਪਟਨ ਸਰਕਾਰ ਤਾਨਾਸ਼ਾਹ ਹੋ ਗਈ ਹੈ, ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ 'ਤੇ ਜਲ ਤੋਪਾਂ ਵਰ੍ਹਾਈਆਂ ਫਿਰ ਲਾਠੀਚਾਰਜ ਕੀਤਾ। ਕੈਪਟਨ ਦੀ ਪੁਲਿਸ ਨੇ ਔਰਤਾਂ ਨੂੰ ਵੀ ਨਹੀਂ ਬਖ਼ਸ਼ਿਆ, ਇਹ ਕਿਹੋ ਜਿਹੀ ਸਰਕਾਰ ਹੈ।
ਸਬੰਧਤ ਖ਼ਬਰ: ਬਸੰਤ ਪੰਚਮੀ ਮੌਕੇ ਕੈਪਟਨ ਸਰਕਾਰ ਨੇ ਭਿਓਂ-ਭਿਓਂ ਕੁੱਟੇ ਅਧਿਆਪਕ
ਉਨ੍ਹਾਂ ਦਾਅਵਾ ਕੀਤਾ ਕਿ ਕੈਪਟਨ ਸਰਕਾਰ ਦੀਆਂ ਅਜਿਹੀਆਂ ਹਰਕਤਾਂ ਦਾ ਖਾਮਿਆਜ਼ਾ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਵਿੱਚ ਚੁਕਾਉਣਾ ਪਵੇਗਾ। ਚੰਦੂਮਾਜਰਾ ਨੇ ਕਿਹਾ ਕਿ ਅਧਿਆਪਕਾਂ ਦੀਆਂ ਮੰਗਾਂ ਜਾਇਜ਼ ਹਨ ਤੇ ਕੇਂਦਰ ਸਰਕਾਰ ਨੂੰ ਇਸ ਮਾਮਲੇ ਵਿੱਚ ਦਖ਼ਲ ਦੇਣਾ ਚਾਹੀਦਾ ਹੈ।