ਨਵੀਂ ਦਿੱਲੀ: ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਅੰਦੋਲਨ ਦਾ ਅੱਜ 76ਵਾਂ ਦਿਨ ਹੈ। ਇਸ ਦਰਮਿਆਨ ਦਿੱਲੀ ਪੁਲਿਸ ਨੇ ਅੱਜ 26 ਜਨਵਰੀ 'ਚ ਹੋਈ ਦਿੱਲੀ ਹਿੰਸਾ ਦੇ ਮਾਸਟਰਮਾਇੰਡ ਦੀਪ ਸਿੱਧੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਤਿੰਨ ਫਰਵਰੀ ਨੂੰ ਦਿੱਲੀ ਪੁਲਿਸ ਨੇ ਦੀਪ ਸਿੱਧੂ, ਜੁਗਰਾਜ ਸਿੰਘ ਸਮੇਤ ਚਾਰ ਲੋਕਾਂ 'ਤੇ ਇਕ-ਇਕ ਲੱਖ ਰੁਪਏ ਦਾ ਇਨਾਮ ਐਲਾਨਿਆ ਸੀ।
ਇਹ ਲੋਕ ਲਾਲ ਕਿਲ੍ਹੇ 'ਤੇ ਧਾਰਮਿਕ ਝੰਡਾ ਲਹਿਰਾਉਣ 'ਤੇ ਲੋਕਾਂ ਨੂੰ ਹਿੰਸਾ ਲਈ ਉਕਸਾਉਣ 'ਚ ਸ਼ਾਮਲ ਸਨ। ਦੀਪ ਸਿੱਧੂ ਨੂੰ ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਨੇ ਹਰਿਆਣਾ ਚੋਂ ਗ੍ਰਿਫ਼ਤਾਰ ਕੀਤਾ ਹੈ। 26 ਜਨਵਰੀ ਤੋਂ ਬਾਅਦ ਤੋਂ ਮੁੱਖ ਮੁਲਜ਼ਮ ਦੀਪ ਸਿੱਧੂ ਫਰਾਰ ਸੀ। ਹਾਲਾਂਕਿ ਦੀਪ ਤੋਂ ਇਲਾਵਾ ਗੈਂਗਸਟਰ ਲੱਖਾ ਸਿਧਾਨਾ ਤੇ ਲਾਲ ਕਿਲ੍ਹੇ 'ਤੇ ਝੰਡਾ ਫਹਿਰਾਉਣ ਵਾਲਾ ਜੁਗਰਾਜ ਅਜੇ ਵੀ ਲਾਪਤਾ ਹੈ। ਦਿੱਲੀ ਪੁਲਿਸ ਨੇ ਹਿੰਸਾ ਫੈਲਾਉਣ ਵਾਲੇ ਕਰੀਬ 50 ਲੋਕਾਂ ਦੀਆਂ ਤਸੀਵੀਰਾਂ ਵੀ ਜਾਰੀ ਕੀਤੀਆਂ ਹਨ।