ਚੰਡੀਗੜ੍ਹ: ਦਿੱਲੀ ਦੀਆਂ ਸਰਹੱਦਾਂ 'ਤੇ ਖੇਤੀ ਕਾਨੂੰਨਾਂ ਖਿਲਾਫ ਧਰਨਾ ਦਿੰਦੇ ਕਿਸਾਨਾਂ ਨੂੰ 75 ਦਿਨ ਹੋ ਗਏ ਹਨ। ਦੂਜੇ ਪਾਸੇ ਪੰਜਾਬ ਅਤੇ ਹਰਿਆਣਾ 'ਚ ਟੋਲ ਪਲਾਜ਼ਾ 'ਤੇ ਵੀ ਕਿਸਾਨਾਂ ਦੇ ਧਰਨੇ ਵੀ ਜਾਰੀ ਹਨ। ਕਿਸਾਨਾਂ ਵਲੋਂ ਨੈਸ਼ਨਲ ਹਾਈਵੇਅ ਅਤੇ ਸਟੇਟ ਹਾਈਵੇਅ 'ਤੇ ਵਾਹਨਾਂ ਨੂੰ ਫ੍ਰੀ 'ਚ ਜਾਣ ਦਿੱਤਾ ਜਾ ਰਿਹਾ ਹੈ। ਪੰਜਾਬ 'ਚ 1 ਅਕਤੂਬਰ ਤੋਂ ਹੀ ਸਾਰੇ ਟੋਲ ਪਲਾਜ਼ੇ ਕਿਸਾਨ ਵੱਲੋਂ ਫ੍ਰੀ ਕੀਤੇ ਹੋਏ ਹਨ। ਉਧਰ ਹਰਿਆਣਾ 'ਚ ਵੀ ਜ਼ਿਆਦਾਤਰ ਟੋਲ ਪਲਾਜ਼ਾ 25 ਦਸੰਬਰ ਤੋਂ ਫ੍ਰੀ ਹਨ।
ਪੰਜਾਬ 'ਚ 25 ਟੋਲ ਪਲਾਜ਼ਾ ਨੈਸ਼ਨਲ ਹਾਈਵੇਅ 'ਤੇ ਹਨ ਜਦਕਿ ਹਰਿਆਣਾ 'ਚ ਨੈਸ਼ਨਲ ਹਾਈਵੇਅ 'ਤੇ 26 ਟੋਲ ਪਲਾਜ਼ਾ ਹਨ। ਅਧਿਕਾਰੀਆਂ ਮੁਤਾਬਕ ਪੰਜਾਬ 'ਚ ਸਾਰੇ ਹੀ ਨੈਸ਼ਨਲ ਹਾਈਵੇਅ 'ਤੇ ਬਣੇ ਟੋਲ ਪਲਾਜ਼ਾ ਅਕਤੂਬਰ ਤੋਂ ਹੀ ਬੰਦ ਹਨ। ਉਧਰ ਕਿਸਾਨਾਂ ਵੱਲੋਂ ਦਿੱਲੀ ਕੂਚ ਕਰਨ ਤੋਂਬਾਅਦ 25 ਦਸੰਬਰ ਤੋਂ ਇਕ ਦੋ ਟੋਲ ਪਲਾਜ਼ਾ ਨੂੰ ਛੱਡ ਕੇ ਹਰਿਆਣਾ ਦੇ ਨੈਸ਼ਨਲ ਹਾਈਵੇਅ 'ਤੇ ਬਣੇ ਟੋਲ ਪਲਾਜ਼ਾ 'ਤੇ ਵੀ ਕੋਈ ਫੀਸ ਨਹੀਂ ਲਾਇ ਜਾ ਰਹੀ।
ਪੰਜਾਬ 'ਚ ਇਨ੍ਹਾਂ ਟੋਲ ਪਲਾਜ਼ਾ 'ਤੇ ਇਕ ਦਿਨ 'ਚ ਲਗਭਗ 3 ਕਰੋੜ ਰੁਪਏ ਇਕੱਠੇ ਕੀਤੇ ਜਾਂਦੇ ਹਨ। ਇਸ ਹਿਸਾਬ ਨਾਲ ਪੰਜਾਬ 'ਚ ਇਸ ਕਰਕੇ ਹੁਣ ਤਕ ਲਗਭਗ 400 ਕਰੋੜ ਰੁਪਏ ਦਾ ਘਾਟਾ National Highways Authority of India ਨੂੰ ਹੋ ਚੁਕਿਆ ਹੈ। ਹਰਿਆਣਾ 'ਚ ਟੋਲ ਪਲਾਜ਼ਾ 'ਤੇ ਰੋਜ਼ਾਨਾ ਲਗਭਗ 4 ਕਰੋੜ ਰੁਪਏ ਇਕੱਠੇ ਹੁੰਦੇ ਹਨ। ਇਸ ਹਿਸਾਬ ਨਾਲ ਹਰਿਆਣਾ 'ਚ ਟੋਲ ਪਲਾਜ਼ਾ 'ਤੇ ਫੀਸ ਨਾ ਲਏ ਜਾਣ ਕਰਕੇ ਹੁਣ ਤੱਕ ਲਗਭਗ 184 ਕਰੋੜ ਰੁਪਏ ਦਾ ਘਾਟਾ National Highways Authority of India ਨੂੰ ਹੋ ਚੁਕਿਆ ਹੈ।
ਹਜ਼ਾਰਾਂ ਕਿਸਾਨ ਦਿੱਲੀ ਦੀਆਂ ਸਰਹਦਾਂ 'ਤੇ ਧਰਨੇ ਤੇ ਬੈਠੇ ਹਨ। ਉਥੇ ਹੀ ਪਿੰਡਾਂ 'ਚ ਕਿਸਾਨ ਰੋਜ਼ ਟੋਲ ਪਲਾਜ਼ਾ 'ਤੇ ਜਾਂਦੇ ਹਨ ਤੇ ਧਰਨਾ ਲਗਾਉਂਦੇ ਹਨ। ਕਿਸਾਨਾਂ ਨੇ ਸਾਫ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਅੰਦੋਲਨ ਉਦੋਂ ਤਕ ਜਾਰੀ ਰਹੇਗਾ, ਜਦ ਤਕ ਕੇਂਦਰ ਸਰਕਾਰ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਿਸ ਨਹੀਂ ਲੈਂਦੀ ਅਤੇ MSP 'ਤੇ ਫ਼ਸਲਾਂ ਦੀ ਖਰੀਦ ਵਾਸਤੇ ਕਾਨੂੰਨ ਨਹੀਂ ਬਣਾਉਂਦੀ।