ਨਵੀਂ ਦਿੱਲੀ: ਡੋਨਾਲਡ ਟਰੰਪ ਨੇ ਮੋਦੀ ਨਾਲ ਗੱਲਬਾਤ ਦੌਰਾਨ ਭਾਰਤ ਨੂੰ 21.5 ਹਜ਼ਾਰ ਕਰੋੜ ਰੁਪਏ ਦੇ ਰੱਖਿਆ ਸੌਦੇ ਨੂੰ ਮਨਜ਼ੂਰੀ ਦਿੱਤੀ ਹੈ। ਦੋਵੇਂ ਦੇਸ਼ ਅੱਤਵਾਦ ਨੂੰ ਖਤਮ ਕਰਨ ਤੇ ਪਾਕਿਸਤਾਨ ‘ਤੇ ਦਬਾਅ ਬਣਾਉਣ ਲਈ ਮਿਲ ਕੇ ਕੰਮ ਕਰਨਗੇ।


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੈਦਰਾਬਾਦ ਹਾਉਸ ਵਿੱਚ ਅੱਜ ਮੁਲਾਕਾਤ ਕੀਤੀ। ਫਿਰ ਦੋਵਾਂ ਨੇਤਾਵਾਂ ਨੇ ਸਾਂਝਾ ਬਿਆਨ ਜਾਰੀ ਕੀਤਾ। ਮੋਦੀ ਨੇ ਕਿਹਾ ਕਿ 3 ਸਾਲਾਂ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਦੋਹਰੇ ਅੰਕ ਦੇ ਵਪਾਰ ਵਿੱਚ ਵਾਧਾ ਹੋਇਆ ਹੈ। ਦੁਵੱਲੇ ਵਪਾਰ ਦੇ ਖੇਤਰ ਵਿੱਚ ਵੀ ਦੋਵਾਂ ਦੇਸ਼ਾਂ ਵਿੱਚ ਸਕਾਰਾਤਮਕ ਗੱਲਬਾਤ ਹੋਈ। ਮੋਦੀ ਨੇ ਕਿਹਾ ਕਿ ਅਸੀਂ ਇੱਕ ਵੱਡੇ ਵਪਾਰਕ ਸੌਦੇ 'ਤੇ ਵੀ ਸਹਿਮਤ ਹੋਏ ਹਾਂ। ਇਹ ਸਕਾਰਾਤਮਕ ਨਤੀਜੇ ਦੇਵੇਗਾ।

ਮੋਦੀ ਤੇ ਟਰੰਪ ਵਿਚਾਲੇ ਡੈਲੀਗੇਸ਼ਨ ਪੱਧਰ ਦੀ ਗੱਲਬਾਤ ਵਿੱਚ ਭਾਰਤ ਤੇ ਅਮਰੀਕਾ ਵਿਚਾਲੇ 6 ਸਮਝੌਤੇ ਹੋਏ। ਇਸ ਵਿੱਚ ਰੱਖਿਆ ਸੌਦਾ ਸਭ ਤੋਂ ਅਹਿਮ ਹੈ। ਇਸ ਤੋਂ ਇਲਾਵਾ ਭਾਰਤ-ਅਮਰੀਕਾ ਪ੍ਰਮਾਣੂ ਰਿਐਕਟਰ ਸਮਝੌਤਾ ਵੀ ਮਹੱਤਵਪੂਰਨ ਹੈ। ਇਸ ਤਹਿਤ ਅਮਰੀਕਾ ਭਾਰਤ ਨੂੰ 6 ਰਿਐਕਟਰ ਸਪਲਾਈ ਕਰੇਗਾ।

ਦੋਵੇਂ ਦੇਸ਼ ਕੁਨੈਕਟੀਵਿਟੀ ਇਨਫਰਾਸਟਰਕਚਰ ਢਾਂਚੇ ਦੇ ਵਿਕਾਸ 'ਤੇ ਵੀ ਸਹਿਮਤ ਹਨ। ਇਹ ਸਿਰਫ ਇੱਕ ਦੂਜੇ ਵਿੱਚ ਨਹੀਂ, ਬਲਕਿ ਵਿਸ਼ਵ ਦੇ ਹਿੱਤ ਵਿੱਚ ਹੈ। ਦੋਵਾਂ ਦੇਸ਼ਾਂ ਵਿਚਾਲੇ ਰੱਖਿਆ, ਟੈਕਨੋਲੋਜੀ, ਗਲੋਬਲ ਸੰਪਰਕ, ਵਪਾਰ ਤੇ ਲੋਕਾਂ ਨਾਲ ਲੋਕਾਂ ਦੀ ਸਾਂਝ ਬਾਰੇ ਸਕਾਰਾਤਮਕ ਵਿਚਾਰ ਵਟਾਂਦਰੇ ਹੋਏ। ਟਰੰਪ ਨੇ ਕਿਹਾ ਮੇਰੇ ਕਾਰਜਕਾਲ ਦੌਰਾਨ ਭਾਰਤ ਨਾਲ ਵਪਾਰ ਵਿੱਚ 60% ਦਾ ਵਾਧਾ ਹੋਇਆ ਹੈ।