ਨਵੀਂ ਦਿੱਲੀ: ਦਿੱਲੀ ਦੀ 'ਆਪ' ਸਰਕਾਰ ਤੇ ਅਧਿਕਾਰੀਆਂ ਵਿਚਾਲੇ ਝਗੜਾ ਫਿਰ ਸ਼ੁਰੂ ਹੋ ਗਿਆ ਹੈ। ਇਸ ਵਾਰ ਆਵਾਜਾਈ ਮੰਤਰੀ ਕੈਲਾਸ਼ ਗਹਿਲੋਤ 'ਤੇ ਟਰਾਂਸਪੋਰਟ ਕਮਿਸ਼ਨਰ ਵਰਸ਼ਾ ਜੋਸ਼ੀ ਨਾਲ ਬਦਸਲੂਕੀ ਦੇ ਦੋਸ਼ ਲੱਗੇ ਹਨ। ਵਰਸ਼ਾ ਜੋਸ਼ੀ ਦੇ ਸਮਰਥਨ 'ਚ ਦਿੱਲੀ ਦੇ ਆਈਏਐਸ ਅਧਿਕਾਰੀ ਇਕਜੁੱਟ ਹੋ ਗਏ ਹਨ। ਉਨ੍ਹਾਂ ਨੇ ਮੰਤਰੀ ਕੈਲਾਸ਼ ਗਹਿਲੋਤ ਤੋਂ ਮਾਫੀ ਦੀ ਮੰਗ ਕੀਤੀ ਹੈ।


ਦਿੱਲੀ ਗਵਰਨਮੈਂਟ ਇੰਪਲਾਇਜ਼ ਐਸੋਸੀਏਸ਼ਨ ਨੇ ਟਵੀਟ ਕਰਦਿਆਂ ਕਿਹਾ ਕਿ ਸਹੀ ਤਰੀਕੇ ਨਾਲ ਆਪਣਾ ਕੰਮ ਕਰਨ ਦੇ ਬਾਵਜੂਦ ਇਮਾਨਦਾਰ ਅਧਿਕਾਰੀਆਂ ਨੂੰ ਇੱਕ ਵਾਰ ਫਿਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਝੂਠੇ ਦੋਸ਼ ਲਾਏ ਜਾ ਰਹੇ ਹਨ ਤੇ ਸਪਸ਼ਟ ਰਾਏ ਰੱਖਣ ਲਈ ਮਾਨ-ਸਨਮਾਨ 'ਤੇ ਹਮਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਲਿਖਿਆ ਕਿ ਮੁੱਖ ਮੰਤਰੀ ਤੋਂ ਭਰੋਸਾ ਮਿਲਣ ਤੋਂ ਬਾਅਦ ਵੀ ਹਾਲਾਤ ਜਿਉਂ ਦੇ ਤਿਉਂ ਹਨ।


'ਆਪ' ਦੇ ਬਾਗੀ ਵਿਧਾਇਕ ਕਪਿਲ ਮਿਸ਼ਰਾ ਨੇ ਇਸ ਮਾਮਲੇ 'ਤੇ ਦਿੱਲੀ ਸਰਕਾਰ 'ਤੇ ਸਿੱਧਾ ਹਮਲਾ ਬੋਲਦਿਆਂ ਟਵੀਟ ਕੀਤਾ ਕਿ 'ਆਪ' ਦੇ ਮੰਤਰੀ 2500 ਕਰੋੜ ਰੁਪਏ ਦਾ ਕੰਮ ਬਿਨਾਂ ਟੈਂਡਰ ਦੇਣਾ ਚਾਹੁੰਦੇ ਸਨ। ਅਫਸਰ ਦੇ ਮਨ੍ਹਾ ਕਰਨ 'ਤੇ ਮੰਤਰੀ ਨੇ ਅਫਸਰ ਨੂੰ ਅਪਮਾਨਿਤ ਕੀਤਾ ਹੈ।


ਕੀ ਹੈ ਮਾਮਲਾ?


ਦਰਅਸਲ ਦਿੱਲੀ ਸਰਕਾਰ 1000 ਇਲੈਕਟ੍ਰਾਨਿਕ ਬੱਸਾਂ ਕਿਰਾਏ 'ਤੇ ਲੈਣਾ ਚਾਹੁੰਦੀ ਹੈ। ਇਸ ਯੋਜਨਾ ਦੀ ਲਾਗਤ 2500 ਕਰੋੜ ਰੁਪਏ ਹੈ। ਇਸ ਸਬੰਧੀ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਮੀਟਿੰਗ ਬੁਲਾਈ ਸੀ। ਟਰਾਂਸਪੋਰਟ ਸਕੱਤਰ ਵਰਸ਼ਾ ਦੋਸ਼ੀ ਨੇ ਡੀਪੀਆਰਓ ਬਣਾਉਣ ਦੀ ਵਕਾਲਤ ਕੀਤੀ ਸੀ ਤੇ DIMTS ਨੂੰ ਸਲਾਹਕਾਰ ਨਿਯੁਕਤ ਕਰਨ 'ਤੇ ਇਤਰਾਜ਼ ਜਤਾਇਆ ਸੀ।


ਦੋਸ਼ ਹਨ ਕਿ ਇਸੇ ਗੱਲ 'ਤੇ ਗਹਿਲੋਤ ਨੇ ਵਰਸ਼ਾ ਨੂੰ ਫਟਕਾਰ ਲਾਈ ਹੈ। ਇਸ ਤੋਂ ਪਹਿਲਾਂ ਮੁੱਖ ਸਕੱਤਰ ਨਾਲ ਬਦਸਲੂਕੀ ਨੂੰ ਲੈ ਕੇ ਵੀ ਆਈਏਐਸ ਅਧਿਕਾਰੀਆਂ ਤੇ ਦਿੱਲੀ ਸਰਕਾਰ ਦਰਮਿਆਨ ਲੰਮਾ ਸਮਾਂ ਤਕਰਾਰ ਚੱਲਦਾ ਰਿਹਾ ਸੀ।