ਨਵੀਂ ਦਿੱਲੀ: ਕੌਮੀ ਰਾਜਧਾਨੀ ਵਿੱਚ ਸ਼ੁੱਕਰਵਾਰ ਨੂੰ ਹਵਾ ਦੀ ਗੁਣਵੱਤਾ ਬੇਹੱਦ ਖਰਾਬ ਹੋ ਕੇ ‘ਗੰਭੀਰ’ ਪੱਧਰ ’ਤੇ ਪਹੁੰਚ ਗਈ ਹੈ। ਦਿੱਲੀ ਦੀ ਭਲਸਵਾ ਲੈਂਡਫਿਲ ਸਾਈਟ ਦੇ ਕਈ ਹਿੱਸਿਆਂ ਦੇ ਮਘਣ ਕਾਰਨ ਵੀ ਹਵਾ ਦੀ ਕੁਆਲਿਟੀ ਬੇਹੱਦ ਖਰਾਬ ਹੋ ਗਈ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਨੇ ਸ਼ੁੱਕਰਵਾਰ ਦੀ ਸਵੇਰ ਨੂੰ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 358 ਰਿਕਾਰਡ ਕੀਤਾ ਜੋ 'ਬੇਹੱਦ ਖਰਾਬ' ਸ਼੍ਰੇਣੀ ਵਿੱਚ ਆਉਂਦਾ ਹੈ।

ਹਵਾ ਦੀ ਗੁਣਵੱਤਾ ਉਦੋਂ ਚੰਗੀ ਮੰਨੀ ਜਾਂਦੀ ਹੈ ਜਦੋਂ ਇਸ ਦਾ ਏਅਰ ਇੰਡੈਕਸ ਕੁਆਲਿਟੀ (ਏਕਿਊਆਈ) 0 ਤੋਂ 50 ਦੇ ਵਿਚਕਾਰ ਹੁੰਦਾ ਹੈ। ਏਕਿਊਆਈ ਦੇ 51-100 ਵਿਚਾਲੇ ਰਹਿਣ ’ਤੇ ਹਵਾ ਦੀ ਕਵਾਲਟੀ ਤਸੱਲੀਬਖਸ਼ ਮੰਨੀ ਜਾਂਦੀ ਹੈ। 101-200 ਵਿਚਾਲੇ ਮੱਧਮ, 201-300 ਵਿਚਾਲੇ ਖਰਾਬ, 301-400 ਵਿਚਾਲੇ ਬੇਹੱਦ ਖਰਾਬ ਤੇ 401-500 ਵਿਚਾਲੇ ਹਵਾ ਦੀ ਗੁਣਵੱਤਾ ਨੂੰ ਗੰਭੀਰ ਮੰਨਿਆ ਜਾਂਦਾ ਹੈ।

ਸੀਪੀਸੀਬੀ ਦੇ ਅੰਕੜਿਆਂ ਅਨੁਸਾਰ ਫਰੀਦਾਬਾਦ, ਨੋਏਡਾ, ਗ੍ਰੇਟਰ ਨੋਏਡਾ, ਗਾਜ਼ੀਆਬਾਦ ਤੇ ਗੁਰੂਗਰਾਮ ਵਿੱਚ ਵੀ ਹਵਾ ਦੀ ਗੁਣਵੱਤਾ ਦਾ ਪੱਧਰ 'ਬਹੁਤ ਖਰਾਬ' ਸ਼੍ਰੇਣੀ ਦੀ ਦਰਜ ਕੀਤੀ ਗਈ ਸੀ। ਦਿੱਲੀ ਵਿੱਚ ਸੋਮਵਾਰ ਨੂੰ ਏਅਰ ਕੁਆਲਿਟੀ ਵਿੱਚ ਸੁਧਾਰ ਵੇਖਿਆ ਗਿਆ ਪਰ ਬੁੱਧਵਾਰ ਨੂੰ ਇਹ ਫਿਰ 'ਬੇਹੱਦ ਖਰਾਬ' ਸ਼੍ਰੇਣੀ ਵਿੱਚ ਦਰਜ ਕੀਤਾ ਗਿਆ। ਦਿੱਲੀ ਦਮਕਲ ਸੇਵਾ ਦੇ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਭਲਸਵਾ ਲੈਂਡਫਿਲ ਦਾ ਕੁਝ ਹਿੱਸਾ ਸੁਲਗ ਰਿਹਾ ਹੈ ਤੇ ਦਮਕਲ ਦੀ ਇੱਕ ਗੱਡੀ ਉੱਥੇ ਤਾਇਨਾਤ ਕੀਤੀ ਗਈ ਹੈ।

ਡੀਐਫਐਸ ਦੇ ਅਧਿਕਾਰੀ ਨੇ ਦੱਸਿਆ ਕਿ ਲੈਂਡਫਿਲ ਵਾਲੀ ਥਾਂ ’ਤੇ 20 ਅਕਤੂਬਰ ਨੂੰ ਅੱਗ ਲੱਗੀ ਸੀ। ਹਾਲਾਂਕਿ ਮੰਗਲਵਾਰ ਸ਼ਾਮ ਤਕ ਅੱਗ ’ਤੇ ਕੁਝ ਹੱਦ ਤਕ ਕਾਬੂ ਪਾ ਲਿਆ ਗਿਆ ਸੀ। ਇਸ ਦੌਰਾਨ ਹੁਣ ਦੱਖਣ ਦਿੱਲੀ ਨਗਰ ਨਿਗਮ ਨੇ ਮੰਗਲਵਾਰ ਨੂੰ ਆਪਣੇ ਚਾਰੇ ਜ਼ੋਨਾਂ ਵਿੱਚ ਰਾਤ ਨੂੰ ਗਸ਼ਤ ਕਰਕੇ ਕੂੜਾ ਤੇ ਪੱਤੇ ਸਾੜਨ ਦੀਆਂ ਘਟਨਾਵਾਂ ਰੋਕਣ ਦਾ ਕੰਮ ਤੇਜ਼ ਕਰਨ ਦਾ ਫੈਸਲਾ ਕੀਤਾ ਹੈ।