ਨਵੀਂ ਦਿੱਲੀ: ਪਿਛਲੇ ਨੌਂ ਦਿਨਾਂ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਕਮੀ ਦੇਖੀ ਜਾ ਰਹੀ ਹੈ। ਇਸ ਦੌਰਾਨ ਪੈਟਰੋਲ ਦੀਆਂ ਕੀਮਤਾਂ ਇੱਕ ਰੁਪਏ 98 ਪੈਸੇ ਤਕ ਘਟ ਚੁੱਕੀਆਂ ਹਨ, ਉੱਥੇ ਹੀ ਡੀਜ਼ਲ 96 ਪੈਸੇ ਸਸਤਾ ਹੋਇਆ ਹੈ। ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਹੇਠਾਂ ਆਉਣ ਕਾਰਨ ਭਾਰਤ ਵਿੱਚ ਵੀ ਇਸ ਦਾ ਅਸਰ ਵੇਖਣ ਨੂੰ ਮਿਲਿਆ ਹੈ।

ਹਾਲਾਂਕਿ, ਕੌਮਾਂਤਰੀ ਬਾਜ਼ਾਰ ਵਿੱਚ ਤੇਲ ਦੀਆਂ ਕੀਮਤਾਂ ਜਿੰਨੀਆਂ ਘਟੀਆਂ ਹਨ, ਉਸ ਹਿਸਾਬ ਨਾਲ ਭਾਰਤੀ ਬਾਜ਼ਾਰ ਵਿੱਚ ਤੇਲ ਸਸਤਾ ਨਹੀਂ ਹੋਇਆ। ਪਿਛਲੇ 21 ਦਿਨਾਂ ਵਿੱਚ ਕੌਮਾਂਤਰੀ ਬਾਜ਼ਾਰ ਵਿੱਚ ਕੱਚਾ ਤੇਲ 11 ਡਾਲਰ ਫ਼ੀ ਬੈਰਲ ਤਕ ਹੇਠਾਂ ਆ ਚੁੱਕਿਆ ਹੈ। ਮਾਹਰਾਂ ਮੁਤਾਬਕ ਫਿਲਹਾਲ ਤੇਲ ਦੀਆਂ ਕੀਮਤਾਂ ਵਿੱਚ ਨਰਮੀ ਰਹਿਣ ਦੀ ਉਮੀਦ ਹੈ।

ਏਂਜਲ ਬ੍ਰੋਕਿੰਗ ਦੇ ਊਰਜਾ ਮਾਹਰ ਅਨੁਜ ਗੁਪਤਾ ਨੇ ਦੱਸਿਆ ਕਿ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਮੁੱਖ ਤੌਰ 'ਤੇ ਕੌਮਾਂਤਰੀ ਮੁਦਰਾ ਕੋਸ਼ (ਆਈਐਮਐਫ) ਵੱਲੋਂ ਕੌਮਾਂਤਰੀ ਅਰਥਚਾਰੀ ਦੀ ਵਿਕਾਸ ਦਰ ਸੁਸਤ ਰਹਿਣ ਦੀ ਭਵਿੱਖਬਾਣੀ ਤੋਂ ਬਾਅਦ ਤੇਲ ਦੀ ਖਪਤ ਵਿੱਚ ਕਮੀ ਆਉਣ ਦੇ ਅੰਦਾਜ਼ੇ ਕਾਰਨ ਪਿਛਲੇ ਕੁਝ ਦਿਨਾਂ ਤੋਂ ਗਿਰਾਵਟ ਆਈ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵਿੱਚ ਤੇਲ ਭੰਡਾਰਨ ਵਿੱਚ ਵਾਧਾ ਹੋਣ ਕਾਰਨ ਕੀਮਤਾਂ ਵਿੱਚ ਵੀ ਸੁਸਤੀ ਆਈ ਹੈ। ਉੱਧਰ, ਸਾਊਦੀ ਅਰਬ ਨੇ ਵੀ ਤੇਲ ਦਾ ਉਤਪਾਦਨ ਵਧਾਉਣ ਦੀ ਗੱਲ ਕਹੀ ਹੈ।