ਨਵੀਂ ਦਿੱਲੀ: ਪੰਜਾਬ ਤੇ ਹਰਿਆਣਾ ਵਿੱਚ ਝੋਨੇ ਦੀ ਪਰਾਲੀ ਦਾ ਨਿਬੇੜਾ ਹੋਣ ਤੋਂ ਬਾਅਦ ਵੀ ਰਾਜਧਾਨੀ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਵਿੱਚ ਕੋਈ ਸੁਧਾਰ ਨਹੀਂ ਹੋਇਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਨੇ ਦੱਖਣੀ ਦਿੱਲੀ ਨਗਰ ਨਿਗਮ (ਐਸਡੀਐਮਸੀ) ਤੇ ਪੂਰਬੀ ਦਿੱਲੀ ਨਗਰ ਨਿਗਮ (ਈਡੀਐਮਸੀ) ਨੂੰ ਹਵਾ ਪ੍ਰਦੂਸ਼ਣ ਗਤੀਵਿਧੀਆਂ ਰੋਕਣ ਵਿੱਚ ਅਸਫਲ ਰਹਿਣ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਹਾਲਾਂਕਿ ਸ਼ਨੀਵਾਰ ਨੂੰ ਅਨੁਕੂਲ ਮੌਸਮ ਕਰਕੇ ਦਿੱਲੀ ਦੀ ਹਵਾ ਵਿੱਚ ਕੁਝ ਹੱਦ ਤਕ ਸੁਧਾਰ ਵੇਖਿਆ ਗਿਆ।

ਯਾਦ ਰਹੇ ਦਿੱਲੀ ਸਰਕਾਰ ਹੁਣ ਤੱਕ ਪੰਜਾਬ ਤੇ ਹਰਿਆਣਾ ਦੀ ਪਰਾਲੀ ਨੂੰ ਪ੍ਰਦੂਸ਼ਣ ਲਈ ਜ਼ਿੰਮੇਵਾਰ ਦੱਸ ਰਹੀ ਸੀ। ਹੁਣ ਝੋਨੇ ਦਾ ਸੀਜ਼ਨ ਖਤਮ ਹੋ ਚੁੱਕਾ ਹੈ। ਸਵਾਲ ਪੈਦਾ ਹੁੰਦਾ ਹੈ ਕਿ ਹੁਣ ਦਿੱਲੀ ਦੀ ਆਬੋ ਹਵਾ ਕੌਣ ਖਰਾਬ ਕਰ ਰਿਹਾ ਹੈ। ਸੀਪੀਸੀਬੀ ਨੇ ਦੋਵਾਂ ਨਗਰ ਨਿਗਮਾਂ ਨੂੰ ਜਾਰੀ ਨੋਟਿਸ ਕਰਕੇ ਪੁੱਛਿਆ ਹੈ ਕਿ ਨਗਰ ਨਿਗਮਾਂ ਦੇ ਕਮਿਸ਼ਨਰਾਂ ਖ਼ਿਲਾਫ਼ ਗੈਰਜ਼ਿੰਮੇਵਾਰੀ ਲਈ ਮਾਮਲਾ ਕਿਉਂ ਨਾ ਚਲਾਇਆ ਜਾਏ। ਸੀਪੀਸੀਬੀ ਮੁਤਾਬਕ ਦਿੱਲੀ ਦਾ ਸਮੁੱਚਾ ਹਵਾ ਕਵਾਲਟੀ ਦਾ ਸੂਚਕ ਅੰਕ 299 ਰਿਹਾ ਜੋ ਕਿ ਖਰਾਬ ਸ਼੍ਰੇਣੀ ਵਿੱਚ ਆਉਂਦਾ ਹੈ।

ਬੋਰਡ ਨੇ ਕਿਹਾ ਹੈ ਕਿ 16 ਖੇਤਰਾਂ ਵਿੱਚ ਹਵਾ ਕਵਾਲਟੀ ਅਤਿਅੰਤ ਖਰਾਬ ਤੇ 15 ਖੇਤਰਾਂ ਵਿੱਚ ਖਰਾਬ ਸ਼੍ਰੇਣੀ ਵਿੱਚ ਰਹੀ। ਸੀਪੀਬੀਸੀ ਨੇ 29 ਨਵੰਬਰ ਨੂੰ ਜਾਰੀ ਦੋ ਵੱਖ-ਵੱਖ ਨੋਟਿਸਾਂ ਵਿੱਚ ਇਸ ਬਾਰੇ ਸਪੱਸ਼ਟੀਕਰਨ ਮੰਗਿਆ ਹੈ। ਸੀਪੀਸੀਬੀ ਪ੍ਰਧਾਨ ਐਸ.ਪੀ. ਸਿੰਘ ਨੇ ਨੋਟਿਸਾਂ ’ਤੇ 48 ਘੰਟਿਆਂ ਅੰਦਰ ਦੋਵਾਂ ਨਗਰ ਨਿਗਮਾਂ ਕੋਲੋਂ ਜਵਾਬ ਮੰਗਿਆ ਹੈ।

ਬੋਰਡ ਦਾ ਕਹਿਣਾ ਹੈ ਕਿ ਨਾਗਰਿਕਾਂ ਤੇ ਪ੍ਰਦੂਸ਼ਣ ਨਿਗਰਾਨੀ ਇਕਾਈ ਵੱਲੋਂ ਤਾਇਨਾਤ ਟੀਮਾਂ ਵੱਲੋਂ ਪ੍ਰਾਪਤ 866 ਸ਼ਿਕਾਇਤਾਂ ਵਿੱਚੋਂ ਹਾਲੇ ਤਕ ਸਿਰਫ 200 ਸ਼ਿਕਾਇਤਾਂ ਦੇ ਹੱਲ ਕੀਤੇ ਗਏ ਹਨ। 334 ਸ਼ਿਕਾਇਤਾਂ ਦੀ ਜਾਂਚ ਕੀਤੀ ਗਈ ਹੈ ਤੇ 332 ਵੱਲ ਤਾਂ ਧਿਆਨ ਹੀ ਨਹੀਂ ਦਿੱਤਾ ਗਿਆ।