ਜੰਮੂ: ਜੰਮੂ ਕਸ਼ਮੀਰ ਵਿੱਚ ਸ਼ਨੀਵਾਰ ਨੂੰ ਕੰਟਰੋਲ ਸੀਮਾ ’ਤੇ ਦੁਰਘਟਨਾ ਕਾਰਨ ਹੋਏ ਧਮਾਕੇ ਵਿੱਚ ਫੌਜ ਦੇ ਦੋ ਜਵਾਨਾਂ ਦੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਫੌਜ ਦੇ ਅਧਿਕਾਰੀ ਨੇ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਜੰਮੂ ਜ਼ਿਲ੍ਹੇ ਦੇ ਅਖਨੂਰ ਸੈਕਟਰ ਵਿੱਚ ਕੰਟਰੋਲ ਸੀਮਾ ਨਜ਼ਦੀਕ ਫੌਜ ਦੇ ਜਵਾਨ ਗਸ਼ਤ ਕਰ ਰਹੇ ਸੀ। ਇਸੇ ਦੌਰਾਨ ਘੁਸਪੈਠ ਵਿਰੋਧੀ ਬਾਹਰੀ ਪ੍ਰਣਾਲੀ ਦੇ ਨੇੜੇ ਇੱਕ ਬਾਰੂਦੀ ਸੁਰੰਗ ਵਿੱਚ ਧਮਾਕਾ ਹੋ ਗਿਆ।



ਫੌਜ ਦੇ ਬੁਲਾਰੇ ਨੇ ਦੱਸਿਆ ਕਿ ਧਮਾਕੇ ਵਿੱਚ ਦੋ ਫੌਜੀ ਮਾਰੇ ਗਏ ਅਤੇ ਦੋ ਹੋਰ ਜ਼ਖਮੀ ਹੋ ਗਏ। ਕੱਲ੍ਹ ਰਾਤ ਤਕ ਜ਼ਖ਼ਮੀਆਂ ਵਿੱਚੋਂ ਇਕ ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਸੀ। ਜ਼ਿਕਰਯੋਗ ਹੈ ਕਿ ਕੱਲ੍ਹ ਜੰਮੂ ਕਸ਼ਮੀਰ ਵਿੱਚ ਪੰਚਾਇਤੀ ਚੋਣਾਂ ਦੇ ਛੇਵੇਂ ਗੇੜ ਕਰਕੇ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਾਅ ਲਈ ਫੌਜ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਸਨ।