ਬਿਊਨਸ  ਆਇਰਸ: ਭਾਰਤ 2022 ਵਿੱਚ G-20 ਸੰਮੇਲਨ ਦੀ ਮੇਜ਼ਬਾਨੀ ਕਰੇਗਾ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸ਼ਨੀਵਾਰ ਨੂੰ ਇਸ ਬਾਰੇ ਐਲਾਨ ਕੀਤਾ। 2022 ਵਿੱਚ ਦੇਸ਼ ਦੀ ਆਜ਼ਾਦੀ ਨੂੰ 75 ਸਾਲ ਪੂਰੇ ਹੋ ਰਹੇ ਹਨ। ਜ਼ਿਕਰਯੋਗ ਹੈ ਕਿ G-20 ਵਿਸ਼ਵ ਦੀਆਂ 20 ਮੁੱਖ ਅਰਥਵਿਵਸਥਾਵਾਂ ਦਾ ਇੱਕ ਸਮੂਹ ਹੈ। ਇਸ ਨੂੰ ਪ੍ਰਧਾਨਮ ਮੰਤਰੀ ਨਰੇਂਦਰ ਮੋਦੀ ਦੀ ਵੱਡੀ ਕੂਟਨੀਤਿਕ ਕਾਮਯਾਬੀ ਵਜੋਂ ਦੇਖਿਆ ਜਾ ਰਿਹਾ ਹੈ।


ਪਹਿਲਾਂ 2022 ਵਿੱਚ G-20 ਸੰਮੇਲਨ ਦੀ ਮੇਜ਼ਬਾਨੀ ਇਟਲੀ ਨੇ ਕਰਨੀ ਸੀ। ਮੋਦੀ ਨੇ ਭਾਰਤ ਨੂੰ ਇਸ ਦੀ ਮੇਜ਼ਬਾਨੀ ਮਿਲਣ ਬਾਅਦ ਇਟਲੀ ਦਾ ਇਸ ਲਈ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਨ੍ਹਾਂ G-20 ਸਮੂਹ ਦੇ ਲੀਡਰਾਂ ਨੂੰ 2022 ਵਿੱਚ ਭਾਰਤ ਆਉਣ ਦਾ ਸੱਦਾ ਵੀ ਦੇ ਦਿੱਤਾ।

ਪ੍ਰਧਾਨ ਮੰਤਰੀ ਨੇ ਇਸ ਐਲਾਨ ਬਾਅਦ ਟਵੀਟ ਕੀਤਾ ਜਿਸ ਵਿੱਚ ਉਨ੍ਹਾਂ ਲਿਖਿਆ ਕਿ ਸਾਲ 2022 ਵਿੱਚ ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋ ਰਹੇ ਹਨ। ਇਸ ਖ਼ਾਲ ਸਾਲ ਵਿੱਚ ਭਾਰਤ G-20 ਸ਼ਿਖਰ ਸੰਮੇਲਨ ਵਿੱਚ ਵਿਸ਼ਵ ਦਾ ਸਵਾਗਤ ਕਰਨ ਦੀ ਉਮੀਦ ਕਰਦਾ ਹੈ।