ਪ੍ਰਦੂਸ਼ਣ ਨਾਲ ਦਿੱਲੀ ਹਾਲੋਂ ਬੇਹਾਲ, ਸਾਹ ਲੈਣਾ ਔਖਾ
ਏਬੀਪੀ ਸਾਂਝਾ | 10 Nov 2018 03:40 PM (IST)
ਨਵੀਂ ਦਿੱਲੀ: ਦੀਵਾਲੀ ਦੇ ਬਅਦ ਦਿੱਲੀ ਦਾ ਹਾਲ ਬੇਹਾਲ ਹੋ ਗਿਆ ਹੈ। ਅੱਜ ਵੀ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦਾ ਪੱਧਰ ਖਤਰਨਾਕ ਹੈ। ਸਵੇਰ ਤੋਂ ਹੀ ਦਿੱਲੀ ਵਿੱਚ ਧੁੰਧ ਦੀ ਮੋਟੀ ਪਰਤ ਛਾਈ ਹੋਈ ਹੈ। ਹਾਲਾਂਕਿ, ਕੱਲ੍ਹ ਦੇ ਮੁਕਾਬਲੇ ਅੱਜ ਹਵਾ ਦੀ ਕਵਾਲਟੀ ਵਿੱਚ ਕੁਝ ਸੁਧਾਰ ਹੋਇਆ ਹੈ। ਦਿੱਲੀ ਦੇ ਆਨੰਦ ਵਿਹਾਰ ਇਲਾਕੇ ਵਿੱਚ ਪ੍ਰਦੂਸ਼ਣ ਦਾ ਪੱਧਰ ਬੇਹੱਦ ਖਰਾਬ ਪੱਧਰ ’ਤੇ ਹੈ। ਇੱਥੇ ਏਕਿਊਆਈ 533 ਪਹੁੰਚ ਗਿਆ ਹੈ। ਲੋਧੀ ਰੋਡ ਇਲਾਕੇ ਵਿੱਚ ਵੀ ਹਾਲਤ ਬੇਹੱਦ ਖਰਾਬ ਦੱਸੀ ਜਾ ਰਹੀ ਹੈ। ਦੀਵਾਲੀ ਦੇ ਬਾਅਦ ਪਿਛਲੇ ਸਾਲ ਦੇ ਮੁਕਾਬਲੇ ਦਿੱਲੀ ਦਾ ਪ੍ਰਦੂਸ਼ਣ ਕਰੀਬ ਦੋ ਗੁਣਾ ਜ਼ਿਆਦਾ ਹੈ। ਵੀਰਵਾਰ ਨੂੰ ਏਕਿਊਆਈ 642 ਦੇ ਅੰਕੜੇ ’ਤੇ ਪੁੱਜ ਗਿਆ ਸੀ ਜਦਕਿ ਸਾਲ 2017 ਵਿੱਚ ਦੀਵਾਲੀ ਦੇ ਅਗਲੇ ਦਿਨ ਏਕਿਊਆਈ 367 ’ਤੇ ਸੀ। 2016 ਦੀ ਗੱਲ ਕੀਤੀ ਜਾਏ ਤਾਂ ਉਸ ਵੇਲੇ ਦੀਵਾਲੀ ਦੇ ਅਗਲੇ ਦਿਨ ਇਹ ਅੰਕੜਾ 425 ਸੀ। ਯਾਦ ਰਹੇ ਕਿ ਹਵਾ ਦੀ ਗੁਣਵੱਤਾ ਉਦੋਂ ਚੰਗੀ ਮੰਨੀ ਜਾਂਦੀ ਹੈ ਜਦੋਂ ਇਸ ਦਾ ਏਅਰ ਇੰਡੈਕਸ ਕਵਾਲਟੀ (ਏਕਿਊਆਈ) 0 ਤੋਂ 50 ਦੇ ਵਿਚਕਾਰ ਹੁੰਦਾ ਹੈ। ਏਕਿਊਆਈ ਦੇ 51-100 ਵਿਚਾਲੇ ਰਹਿਣ ’ਤੇ ਹਵਾ ਦੀ ਕਵਾਲਟੀ ਤਸੱਲੀਬਖਸ਼ ਮੰਨੀ ਜਾਂਦੀ ਹੈ। 101-200 ਵਿਚਾਲੇ ਮੱਧਮ, 201-300 ਵਿਚਾਲੇ ਖਰਾਬ, 301-400 ਵਿਚਾਲੇ ਬੇਹੱਦ ਖਰਾਬ ਤੇ 401-500 ਵਿਚਾਲੇ ਹਵਾ ਦੀ ਗੁਣਵੱਤਾ ਨੂੰ ਗੰਭੀਰ ਮੰਨਿਆ ਜਾਂਦਾ ਹੈ।