ਨਵੀਂ ਦਿੱਲੀ: ਦਿੱਲੀ ਸਰਕਾਰ ਨੇ ਵਿਧਾਇਕਾਂ ਨੂੰ ਆਪਣੇ ਖੇਤਰ ਦੇ ਵਿਕਾਸ ਲਈ ਮਿਲਣ ਵਾਲੀ ਰਾਸ਼ੀ ਨੂੰ ਸਾਲਾਨਾ ਚਾਰ ਕਰੋੜ ਰੁਪਏ ਤੋਂ ਵਧਾ ਕੇ 10 ਕਰੋੜ ਰੁਪਏ ਕਰਨ ਦੇ ਪ੍ਰਸਤਾਵ ਨੂੰ ਅੱਜ ਮਨਜੂਰੀ ਦੇ ਦਿੱਤੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ 'ਚ ਹੋਈ ਕੈਬਨਿਟ ਦੀ ਬੈਠਕ 'ਚ ਇਹ ਫੈਸਲਾ ਲਿਆ ਗਿਆ।


ਦਿੱਲੀ ਵਿਧਾਨ ਸਭਾ ਨੂੰ ਕੈਬਨਿਟ ਦੀ ਬੈਠਕ ਦੇ ਫੈਸਲੇ ਬਾਰੇ 'ਚ ਸੂਚਿਤ ਕਰਦਿਆਂ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆਂ ਨੇ ਕਿਹਾ ਕਿ ਸਾਰੇ ਵਿਧਾਇਕ ਮੰਗ ਕਰ ਰਹੇ ਸੀ ਕਿ ਵਿਧਾਇਕ ਸਥਾਨਕ ਖੇਤਰ ਵਿਕਾਸ ਫੰਡ ਨੂੰ ਵਧਾਇਆ ਜਾਵੇ।


ਸਿਸੋਦੀਆ ਨੇ ਵਿਧਾਨ ਸਭਾ 'ਚ ਦੱਸਿਆ ਕਿ ਕੈਬਨਿਟ ਨੇ ਵਿਧਾਇਕ ਫੰਡ ਮੌਜੂਦਾ ਚਾਰ ਕਰੋੜ ਰੁਪਏ ਤੋਂ ਵਧਾ ਕੇ 10 ਕਰੋੜ ਰੁਪਏ ਕਰ ਦਿੱਤਾ ਗਿਆ। ਦਿੱਲੀ ਵਿੱਚ ਇੱਕ ਵਿਧਾਇਕ ਨੂੰ ਆਪਣੇ ਖੇਤਰ 'ਚ ਵਿਭਿੰਨ ਕਾਰਜ ਕਰਾਉਣ ਲਈ ਇੱਕ ਸਾਲ 'ਚ ਚਾਰ ਕਰੋੜ ਰੁਪਏ ਮਿਲਦੇ ਹਨ। ਦਿੱਲੀ ਦੇ ਸ਼ਹਿਰੀ ਵਿਕਾਸ ਮੰਤਰੀ ਸਤੇਂਦਰ ਜੈਨ ਨੇ ਕਿਹਾ ਕਿ ਕੈਬਨਿਟ ਦਾ ਫੈਸਲਾ ਇਸ ਸਾਲ ਲਾਗੂ ਕੀਤਾ ਜਾਵੇਗਾ।


ਸਿਸੋਦੀਆ ਨੇ ਇਹ ਵੀ ਦੱਸਿਆ ਕਿ ਕੈਬਨਿਟ ਨੇ ਦਿੱਲੀ 'ਚ ਕਈ ਭਾਰਤੀ ਭਾਸ਼ਾਵਾਂ ਜਿਹੇ ਤੇਲਗੂ, ਕਸ਼ਮੀਰੀ, ਮਲਿਆਲਮ, ਗੁਜਰਾਤੀ ਸਮੇਤ ਬਾਕੀ ਭਾਸ਼ਾਵਾਂ ਦੀ ਅਕਾਦਮੀ ਤੋਂ ਇਲਾਵਾ ਵਿਦੇਸ਼ੀ ਭਾਸ਼ਾ ਅਕਾਦਮੀ ਸਥਾਪਿਤ ਕਰਨ ਦੇ ਪ੍ਰਸਤਾਵ ਨੂੰ ਵੀ ਮਨਜੂਰੀ ਦਿੱਤੀ ਹੈ।