ਨਵੀਂ ਦਿੱਲੀ: ਮੁਜ਼ੱਫਰਨਗਰ ਤੇ ਦੇਵਰਿਆ ਦੇ ਸ਼ੈਲਟਰ ਹਾਊਸ ਵਿੱਚ ਰਹਿ ਰਹੀਆਂ ਨਾਬਾਲਗਾਂ ਨਾਲ ਕਥਿਤ ਬਲਾਤਕਾਰ ਤੇ ਅੱਤਿਆਚਾਰ ’ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਬੀਜੇਪੀ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਪੀਐਮ ਮੋਦੀ ’ਤੇ ਨਿਸ਼ਾਨਾ ਸਾਧਦਿਆਂ ਰਾਹੁਲ ਨੇ ਕਿਹਾ ਕਿ ਬੀਜੇਪੀ ਸਰਕਾਰ ਸ਼ਰਮਨਾਕ ਵਾਰਦਾਤਾਂ ’ਤੇ ਚੁੱਪ ਰਹਿੰਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਰਐਸਐਸ ਵਿੱਚ ਮਹਿਲਾਵਾਂ ਦੀ ਕੋਈ ਕਦਰ ਨਹੀਂ। ਦੇਸ਼ ਵਿੱਚ ਬੀਜੇਪੀ, ਮੋਦੀ ਤੇ ਆਰਐਸਐਸ ਦੀ ਵਿਚਾਰਧਾਰਾ ਨੇ ਅੱਗ ਲਾ ਦਿੱਤੀ ਹੈ।

ਕਾਂਗਰਸ ਮਹਿਲਾ ਮੋਰਚਾ ਵੱਲੋਂ ਰੱਖੇ ਸਮਾਗਮ ਵਿੱਚ ਰਾਹੁਲ ਗਾਂਧੀ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਵਿੱਚ ਮਹਿਲਾਵਾਂ ਖਿਲਾਫ ਜਿੰਨੀਆਂ ਵਾਰਦਾਤਾਂ ਹੋਈਆਂ, ਓਨੀਆ ਪਿਛਲੇ 70 ਸਾਲਾਂ ਵਿੱਚ ਨਹੀਂ ਹੋਈਆਂ। ਬਲਾਤਕਾਰ ਵਰਗੀਆਂ ਘਟਨਾਵਾਂ ’ਤੇ ਪੀਐਮ ਇੱਕ ਸ਼ਬਦ ਵੀ ਨਹੀਂ ਬੋਲਦੇ।

ਉਨ੍ਹਾਂ ਕਿਹਾ ਕਿ ਬੀਜੇਪੀ ਦੇ ਐਮਐਲਏ ਤੋਂ ਧੀਆਂ ਬਚਾਉਣੀਆਂ ਹਨ। ਉਨ੍ਹਾਂ ਵੱਡੇ ਭਾਸ਼ਣਾਂ ਬਾਅਦ ਬੇਟੀ ਬਚਾਓ, ਬੇਟੀ ਪੜ੍ਹਾਓ ਪ੍ਰੋਗਰਾਮ ਐਲਾਨ ਕੀਤਾ ਤੇ ਹਰ ਜ਼ਿਲ੍ਹੇ ਵਿੱਚ ਧੀਆਂ ਬਚਾਉਣ ਲਈ 40 ਲੱਖ ਰੁਪਏ ਦਿੱਤੇ।

ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੀਐਮ ਦੇ ਰਿਮੋਟ ਕੰਟਰੋਲ ਆਰਐਸਐਸ ਵਿੱਚ ਮਹਿਲਾਵਾਂ ਲਈ ਦਰਵਾਜ਼ੇ ਬੰਦ ਹਨ। ਇਸ ਸੰਗਠਨ ਵਿੱਚ ਕੋਈ ਮਹਿਲਾ ਨਹੀਂ ਜਾ ਸਕਦੀ। ਬਜੇਪੀ-ਆਰਐਸਐਸ ਦੀ ਵਿਚਾਰਧਾਰਾ ਹੈ ਕਿ ਦੇਸ਼ ਨੂੰ ਸਿਰਫ ਪੁਰਸ਼ ਹੀ ਚਲਾ ਸਕਦੇ ਹਨ।

ਰਾਹੁਲ ਨੇ ਕਿਹਾ ਕਿ ਜੇ ਇਨ੍ਹਾਂ ਮਹਿਲਾ ਰਾਖਵਾਂਕਰਨ ਬਿੱਲ ਪਾਸ ਕੀਤਾ ਤਾਂ ਉਨ੍ਹਾਂ ਦੀ ਪਾਰਟੀ ਇਸ ਦਾ ਪੂਰਾ ਸਮਰਥਨ ਕਰੇਗੀ। ਤੇ ਜੇ ਉਨ੍ਹਾਂ ਬਿੱਲ ਨਾ ਪਾਸ ਕੀਤਾ ਤਾਂ ਜਿਵੇਂ ਹੀ ਉਨ੍ਹਾਂ ਦੀ ਸਰਕਾਰ ਆਏਗੀ, ਉਹ ਤੁਰੰਤ ਇਹ ਬਿੱਲ ਪਾਸ ਕਰਨਗੇ।

ਉਨ੍ਹਾਂ ਕਿਹਾ ਕਿ ਜੇ ਦੇਸ਼ ਵਿੱਚ ਮਹਿਲਾਵਾਂ ਦੀ ਆਬਾਦੀ 50 ਫੀਸਦੀ ਹੈ ਤਾਂ ਸੰਗਠਨ ਵਿੱਚ ਵੀ ਉਨ੍ਹਾਂ ਨੂੰ 50 ਫੀਸਦੀ ਥਾਂ ਮਿਲਣੀ ਚਾਹੀਦੀ ਹੈ। ਉਨ੍ਹਾਂ ਦਾ ਲਕਸ਼ ਮਹਿਲਾਵਾਂ ਨੂੰ ਹਰ ਪੱਧਰ ’ਤੇ ਲੀਡਰਸ਼ਿਪ ਵਿੱਚ ਸ਼ਾਮਲ ਕਰਨ ਦਾ ਹੈ।