ਮੁੰਬਈ: ਮੁੰਬਈ ਦੇ ਸਮੁੰਦਰੀ ਤਟਾਂ ’ਤੇ ਬਲੂ ਵਾਟਰ ਜੈਲੀਫਿਸ਼ ਦੇਖੀ ਜਾ ਰਹੀ ਹੈ। ਪਿਛਲੇ ਦੋ ਦਿਨਾਂ ਵਿੱਚ ਇਨ੍ਹਾਂ ਦੇ ਡੰਗ ਨਾਲ 150 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ। ਪ੍ਰਸ਼ਾਸਨ ਨੇ ਲੋਕਾਂ ਨੂੰ ਬੀਚਾਂ ਤੋਂ ਦੂਰ ਰਹਿਣ ਦੀ ਚੇਤਾਵਨੀ ਜਾਰੀ ਕੀਤੀ ਹੈ।

ਸ਼ਹਿਰ ਦੇ ਜੁਹੂ, ਅਕਸਾ ਤੇ ਗਿਰਗਾਂਵ ਚੌਪਾਟੀ ਦੇ ਬੀਚਾਂ ’ਤੇ ਇਨ੍ਹਾਂ ਦੀ ਤਾਦਾਦ ਬਹੁਤ ਜ਼ਿਆਦਾ ਹੈ। ਇਸ ਵਜ੍ਹਾ ਕਰਕੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ਼ ਹੈ। ਇਨ੍ਹਾਂ ਦੇ ਡੰਗ ਨਾਲ ਕਈ ਘੰਟਿਆਂ ਤਕ ਖੁਜਲੀ ਤੇ ਦਰਦ ਹੁੰਦੀ ਰਹਿੰਦੀ ਹੈ।

ਜੁਹੂ ਬੀਚ ਸਥਿਤ ਇੱਕ ਦੁਕਾਨਦਾਰ ਨੇ ਦੱਸਿਆ ਕਿ ਜਦੋਂ ਜ਼ਹਿਰੀਲੀ ਮੱਛੀ ਕਿਸੇ ਨੂੰ ਡੰਗ ਮਾਰਦੀ ਹੈ, ਤਾਂ ਉਸ ਥਾਂ ’ਤੇ ਉਹ ਨਿੰਬੂ ਲਾ ਦਿੰਦੇ ਹਨ। ਇਸ ਨਾਲ ਜ਼ਖ਼ਮੀ ਨੂੰ ਰਾਹਤ ਮਿਲਦੀ ਹੈ।

ਇਕੱਲੇ ਜੁਹੂ ਬੀਚ ’ਤੇ 150 ਤੋਂ ਵੱਧ ਲੋਕਾਂ ਨੇ ਮੱਛੀਆਂ ਦੇ ਡੰਗ ਮਾਰਨ ਦੀ ਸ਼ਿਕਾਇਤ ਕੀਤੀ। ਸਥਾਨਕ ਲੋਕਾਂ ਨੇ ਕਿਹਾ ਕਿ ਹਰ ਸਾਲ ਅਗਸਤ-ਸਤੰਬਰ ਮਹੀਨੇ ਵਿੱਚ ਮੁੰਬਈ ਦੇ ਤਟਾਂ ’ਤੇ ਜੈਲੀਫਿਸ਼ ਦਿਖਾਈ ਦਿੰਦੀਆਂ ਹਨ, ਪਰ ਇਸ ਵਾਰ ਇਹ ਬਹੁਤ ਜ਼ਿਆਦਾ ਹਨ। ਉਹ ਸੈਲਾਨੀਆਂ ਨੂੰ ਪਾਣੀ ਵਿੱਚ ਨਾ ਜਾਣ ਦੀ ਸਲਾਹ ਦੇ ਰਹੇ ਹਨ।